ਜੰਮੂ-ਕਸ਼ਮੀਰ: ਕੌਮਾਂਤਰੀ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ
Sunday, Sep 20, 2020 - 11:51 AM (IST)
ਜੰਮੂ— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਇੱਥੇ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਕੇ ਨਸ਼ੀਲੇ ਪਦਾਰਥਾਂ ਦੇ 58 ਪੈਕਟ ਅਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਤਸਕਰਾਂ ਨੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਆਰ. ਐੱਸ. ਪੁਰਾ ਸੈਕਟਰ ਦੇ ਅਰਨੀਆ ਇਲਾਕੇ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਬੁਲੇਚੇਕ ਸਰਹੱਦੀ ਚੌਕੀਆਂ ਦੇ ਫ਼ੌਜੀਆਂ ਦੀ ਨਜ਼ਰ ਕੌਮਾਂਤਰੀ ਸਰਹੱਦ ਦੇ ਨੇੜੇ ਕੁਝ ਪਾਕਿਸਤਾਨੀਆਂ ਦੀ ਸ਼ੱਕੀ ਗਤੀਵਿਧੀਆਂ ’ਤੇ ਪਈ। ਉਹ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਬੀ. ਐੱਸ. ਐੱਫ. ਨੇ ਗੋਲੀਬਾਰੀ ਕਰ ਕੇ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥਾਂ ਦੇ 58 ਪੈਕਟ, ਦੋ ਪਿਸਤੌਲਾਂ, 4 ਮੈਗਜੀਨ ਅਤੇ ਕੁਝ ਗੋਲਾ ਬਾਰੂਦ ਬਰਾਮਦ ਹੋਇਆ ਹੈ।