ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਰੋਨਾ ਕਾਲ 'ਚ ਨਿਭਾਈਆਂ ਸੇਵਾਵਾਂ ਲਈ ਮਿਲਿਆ ਵੱਡਾ ਸਨਮਾਨ

03/23/2022 11:01:03 AM

ਨਵੀਂ ਦਿੱਲੀ (ਵਾਰਤਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੂੰ ਕੋਰੋਨਾ ਕਾਲ 'ਚ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਲਈ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਨਮਾਨਤ ਕੀਤਾ ਗਿਆ ਹੈ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੀ ਟੀਮ ਮੰਗਲਵਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਡੀ.ਐੱਸ.ਜੀ.ਐੱਮ.ਸੀ. ਦਫ਼ਤਰ ਪਹੁੰਚੀ ਅਤੇ ਮੌਜੂਦਾ ਪ੍ਰਬੰਧਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਇਕ ਕੌਮਾਂਤਰੀ ਸੰਸਥਾ ਹੈ ਅਤੇ ਅਜਿਹੀ ਸੰਸਥਾ ਵਲੋਂ ਸਨਮਾਨ ਮਿਲਣ ਮਾਣ ਦੀ ਗੱਲ ਹੈ।

 

ਉਨ੍ਹਾਂ ਕਿਹਾ ਕਿ ਕੋਰੋਨਾ ਕਾਲ 'ਚ ਜਦੋਂ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਸਨ, ਉਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੀ ਅਗਵਾਈ 'ਚ ਕਮੇਟੀ ਦੇ ਵਲੰਟੀਅਰ ਨੇ ਨਾ ਸਿਰਫ਼ ਘਰ-ਘਰ ਜਾ ਕੇ ਲੰਗਰ ਪਹੁੰਚਾਉਣ ਦਾ ਕੰਮ ਕੀਤਾ ਸਗੋਂ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਲੱਖੀ ਸ਼ਾਹ ਵਣਜਾਰਾ ਹਾਲ 'ਚ 400 ਬੈੱਡ ਦਾ ਕੋਰੋਨਾ ਹਸਪਤਾਲ ਵੀ ਬਣਾਇਆ, ਜਿੱਥੇ ਹਰ ਮਰੀਜ਼ ਦਾ ਮੁਫ਼ਤ ਇਲਾਜ ਕੀਤਾ ਗਿਆ। ਕਾਲਕਾ ਨੇ ਕਿਹਾ ਕਿ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੀ ਟੀਮ ਨੇ ਕੋਰੋਨਾ ਕਾਲ 'ਚ ਡੀ.ਐੱਸ.ਜੀ.ਐੱਮ.ਸੀ. ਦੀ ਮਨੁੱਖਤਾ ਲਈ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਕਰਮ ਸਿੰਘ ਰੋਹਿਣੀ, ਭੂਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ, ਰਮਨਜੋਤ ਸਿੰਘ ਸਹਿਤ, ਔਂਕਾਰ ਸਿੰਘ, ਜਸਪ੍ਰੀਤ ਸਿੰਘ, ਵਿੱਕੀ ਮਾਨ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਰਹੇ।

PunjabKesari


DIsha

Content Editor

Related News