ਸਾਬਕਾ MLA ਕਤਲ ਮਾਮਲਾ; ਪਰਿਵਾਰ ਵਲੋਂ ਪੋਸਟਮਾਰਟਮ ਤੋਂ ਇਨਕਾਰ, ਪੁੱਤ ਬੋਲਿਆ- ਕਈ ਵਾਰ ਮੰਗੀ ਸੀ ਸੁਰੱਖਿਆ
Monday, Feb 26, 2024 - 12:31 PM (IST)
ਝੱਜਰ- ਹਰਿਆਣਾ ਦੇ ਝੱਜਰ 'ਚ ਗੋਲੀ ਮਾਰ ਕੇ ਕਤਲ ਕੀਤੇ ਗਏ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਦੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਨਫੇ ਸਿੰਘ ਰਾਠੀ ਦੇ ਪੁੱਤਰ ਜਤਿੰਦਰ ਰਾਠੀ ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਉਦੋਂ ਤੱਕ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਪੁਲਸ ਮੇਰੇ ਪਿਤਾ ਦੇ ਕਾਤਲਾਂ ਨੂੰ ਨਹੀਂ ਫੜਦੀ। ਮੈਨੂੰ ਸ਼ੱਕ ਹੈ ਕਿ ਮੇਰੇ ਪਿਤਾ ਦੇ ਕਤਲ 'ਚ ਸਥਾਨਕ ਭਾਜਪਾ ਨੇਤਾਵਾਂ ਦਾ ਹੱਥ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਨੂੰ ਕਈ ਵਾਰ ਬੇਨਤੀਆਂ ਦੇ ਬਾਵਜੂਦ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
ਜਤਿੰਦਰ ਰਾਠੀ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਚੁੱਪ ਬੈਠਾ ਹੈ। ਮੇਰੇ ਪਰਿਵਾਰ ਅਤੇ ਮੈਨੂੰ ਸੁਰੱਖਿਆ ਨਹੀਂ ਮਿਲ ਰਹੀ। ਮੇਰੇ ਪਿਤਾ 5 ਸਾਲਾਂ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਸਨ। ਮੇਰੇ ਪਿਤਾ ਇਕ ਰਾਸ਼ਟਰੀ ਨੇਤਾ ਸਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਮੇਰੇ ਪਿਤਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਸੀ। ਓਧਰ ਝੱਜਰ ਦੇ DSP ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅਸੀਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ FIR ਦਰਜ ਕਰ ਲਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 2 DSP ਦੇ ਨਾਲ 5 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਾਂਚ ਚੱਲ ਰਹੀ ਹੈ, ਅਸੀਂ ਸਬੂਤ ਇਕੱਠੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸੀ. ਸੀ. ਟੀ. ਵੀ ਕੈਮਰਿਆਂ ਤੋਂ ਸਬੂਤ ਇਕੱਠੇ ਕਰ ਰਹੇ ਹਾਂ ਅਤੇ ਸ਼ੱਕੀ ਵਾਹਨ ਦੀ ਵੀ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ- WTO ਦੀਆਂ ਨੀਤੀਆਂ ਕਿਸਾਨਾਂ ਲਈ ਚੰਗੀਆਂ ਨਹੀਂ, ਬਾਰਡਰਾਂ 'ਤੇ ਅੱਜ ਦੁਪਹਿਰ ਨੂੰ ਸਾੜੇ ਜਾਣਗੇ ਪੁਤਲੇ: ਪੰਧੇਰ
ਦੱਸਣਯੋਗ ਹੈ ਕਿ ਇਨੈਲੋ ਪ੍ਰਧਾਨ ਨਫੇ ਸਿੰਘ ਰਾਠੀ ਦੀ ਐਤਵਾਰ ਨੂੰ ਝੱਜਰ ਦੇ ਬਹਾਦਰਗੜ੍ਹ ਵਿਖੇ ਰੇਲਵੇ ਕਰਾਸਿੰਗ ਨੇੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਰਿਪੋਰਟਾਂ ਮੁਤਾਬਕ ਬਦਮਾਸ਼ ਇਕ ਕਾਰ 'ਚ ਆਏ ਅਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਨਫੇ ਸਿੰਘ ਅਤੇ ਇਕ ਪਾਰਟੀ ਵਰਕਰ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਨੈਲੋ ਦੇ ਆਗੂ ਅਭੈ ਚੌਟਾਲਾ ਨੇ ਇਸ ਕਤਲ ਲਈ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਵੱਲੋਂ ਪੂਰੀ ਜਾਂਚ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਅੱਜ ਟਰੈਕਟਰ ਮਾਰਚ ਕੱਢਣਗੇ ਕਿਸਾਨ, ਜਾਣੋ ਕੀ ਰਹੇਗਾ ਸਮਾਂ