ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ
Thursday, Jul 11, 2024 - 03:29 PM (IST)
ਹਰਿਆਣਾ- ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਅਤੇ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਨੇ ਫਿਰ ਤੋਂ ਹੱਥ ਮਿਲਾ ਲਿਆ ਹੈ। ਦੋਹਾਂ ਪਾਰਟੀਆਂ ਨੇ ਵੀਰਵਾਰ ਯਾਨੀ ਕਿ ਅੱਜ ਅਹਿਮ ਐਲਾਨ ਕੀਤਾ। ਚੰਡੀਗੜ੍ਹ ਦੇ ਬਾਹਰਵਾਰ ਨਵਾਂਗਾਓਂ ਵਿਖੇ ਬਸਪਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਭੈ ਚੌਟਾਲਾ ਨੇ ਕਿਹਾ ਕਿ ਇਹ ਗਠਜੋੜ ਸਵਾਰਥੀ ਹਿੱਤਾਂ 'ਤੇ ਆਧਾਰਿਤ ਨਹੀਂ ਹੈ ਸਗੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ ਅਤੇ ਇਨੈਲੋ ਸੋਚ ਰਹੇ ਹਨ ਕਿ ਗਰੀਬਾਂ ਨੂੰ ਇਨਸਾਫ ਕਿਵੇਂ ਮਿਲੇਗਾ ਅਤੇ ਕਮਜ਼ੋਰ ਵਰਗ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ
ਚੌਟਾਲਾ ਨੇ ਕਿਹਾ ਕਿ ਅਸੀਂ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫੈਸਲਾ ਕੀਤਾ ਹੈ। ਅੱਜ ਆਮ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਪਹਿਲੇ 10 ਸਾਲ ਸੂਬੇ ਨੂੰ ਲੁੱਟਣ ਵਾਲੀ ਕਾਂਗਰਸ ਨੂੰ ਦੂਰ ਰੱਖਣ ਦਾ ਮਨ ਬਣਾ ਲਿਆ ਹੈ। ਬਸਪਾ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਕਿਹਾ ਕਿ ਹਾਲ ਹੀ 'ਚ ਬਸਪਾ ਸੁਪਰੀਮੋ ਮਾਇਆਵਤੀ ਅਤੇ ਚੌਟਾਲਾ ਵਿਚਾਲੇ ਗਠਜੋੜ ਬਾਰੇ ਮੀਟਿੰਗ ਹੋਈ ਸੀ। ਆਕਾਸ਼ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ 90 ਸੀਟਾਂ 'ਚੋਂ ਬਸਪਾ 37 ਸੀਟਾਂ 'ਤੇ ਅਤੇ ਇਨੈਲੋ 53 ਸੀਟਾਂ 'ਤੇ ਚੋਣ ਲੜੇਗੀ। ਅਭੈ ਚੌਟਾਲਾ ਬਸਪਾ-ਇਨੈਲੋ ਗਠਜੋੜ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ।
ਇਹ ਵੀ ਪੜ੍ਹੋ- ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਜੰਮੂ ਤੋਂ 4800 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਅਮਰਨਾਥ ਗੁਫ਼ਾ ਮੰਦਰ ਲਈ ਰਵਾਨਾ
ਦੱਸ ਦੇਈਏ ਕਿ ਪਹਿਲੀ ਵਾਰ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨੈਲੋ ਅਤੇ ਬਸਪਾ ਵਿਚਾਲੇ ਗਠਜੋੜ ਹੋਇਆ ਸੀ। ਇਨੈਲੋ ਨੇ 7 ਲੋਕ ਸਭਾ ਸੀਟਾਂ ਅਤੇ ਬਸਪਾ ਨੇ 3 ਲੋਕ ਸਭਾ ਸੀਟਾਂ 'ਤੇ ਚੋਣ ਲੜੀ ਸੀ। ਇਸ ਚੋਣ ਵਿਚ ਬਸਪਾ ਨੇ ਇਕ ਅੰਬਾਲਾ ਲੋਕ ਸਭਾ ਸੀਟ ਜਿੱਤੀ, ਜਦੋਂ ਕਿ ਇਨੈਲੋ ਦੇ ਉਮੀਦਵਾਰਾਂ ਨੇ ਸੂਬੇ ਦੀਆਂ 4 ਲੋਕ ਸਭਾ ਸੀਟਾਂ ਕੁਰੂਕਸ਼ੇਤਰ, ਹਿਸਾਰ, ਸਿਰਸਾ ਅਤੇ ਭਿਵਾਨੀ ਜਿੱਤੀਆਂ ਸਨ। ਇਸ ਤੋਂ ਬਾਅਦ ਸਾਲ 2018 'ਚ ਬਸਪਾ ਅਤੇ ਇਨੈਲੋ ਵਿਚਾਲੇ ਸਿਆਸੀ ਗਠਜੋੜ ਬਣਿਆ ਪਰ ਵਿਧਾਨ ਸਭਾ ਚੋਣਾਂ ਤੱਕ ਇਹ ਗਠਜੋੜ ਲੋਕਾਂ 'ਚ ਨਹੀਂ ਪਹੁੰਚ ਸਕਿਆ। ਹੁਣ ਤੀਜੀ ਵਾਰ ਇਨੈਲੋ ਨੇ ਆਪਣੀ ਗੁਆਚੀ ਹੋਈ ਸਿਆਸੀ ਹੋਂਦ ਬਚਾਉਣ ਲਈ ਬਸਪਾ ਨਾਲ ਗਠਜੋੜ ਦੀ ਪਹਿਲਕਦਮੀ ਕੀਤੀ ਹੈ। ਪਿਛਲੇ ਹਫ਼ਤੇ ਹੀ ਅਭੈ ਸਿੰਘ ਚੌਟਾਲਾ ਨੇ ਨਵੀਂ ਦਿੱਲੀ ਵਿਚ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ ਸੀ।