ਹਸਪਤਾਲਾਂ ''ਚ ਮਾਸੂਮਾਂ ਦੀ ਮੌਤ ਦਾ ਕਹਿਰ, ਇਹ ਰਿਪੋਰਟ ਉਡਾ ਦੇਵੇਗੀ ਨੀਂਦ

01/05/2020 2:17:58 PM

ਨਵੀਂ ਦਿੱਲੀ—   ਰਾਜਸਥਾਨ, ਗੁਜਰਾਤ, ਝਾਰਖੰਡ 'ਚ ਪਿਛਲੇ ਦਿਨਾਂ 'ਚ ਕਈ ਬੱਚਿਆਂ ਦੀ ਹੋਈ ਮੌਤ ਕਾਰਨ ਹਸਪਤਾਲਾਂ 'ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਦੇਸ਼ ਭਰ ਦੇ ਕਈ ਹਸਪਤਾਲਾਂ 'ਚ ਬੱਚਿਆਂ ਦੀ ਮੌਤ ਦੀ ਰਿਪੋਰਟ ਸਾਹਮਣੇ ਆ ਰਹੀ ਹੈ। ਸੂਬਾ ਸਰਕਾਰਾਂ ਵੱਲੋਂ ਹਸਪਤਾਲਾਂ ਦੀ ਕਾਰਗੁਜ਼ਾਰੀ ਜਲਦ ਜਾਂਚਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਰਾਜਸਥਾਨ ਦੇ ਕੋਟਾ 'ਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਨਾਲ ਮੁੱਦਾ ਗਰਮ ਹੀ ਸੀ ਕਿ ਹੁਣ ਗੁਜਰਾਤ ਦਾ ਮਾਮਲਾ ਵੀ ਸੁਰਖੀਆਂ 'ਚ ਹੈ।

ਗੁਜਰਾਤ ਦੇ ਅਹਿਮਦਾਬਾਦ 'ਚ ਦਸੰਬਰ ਮਹੀਨੇ 80 ਨਵਜੰਮੇ ਬੱਚਿਆਂ ਦੀ ਮੌਤ ਤੇ ਰਾਜਕੋਟ ਦੇ ਇਕ ਸਰਕਾਰੀ ਹਸਪਤਾਲ 'ਚ 134 ਬੱਚਿਆਂ ਦੀ ਮੌਤ ਹੋਈ ਹੈ। ਉੱਥੇ ਹੀ, ਰਾਜਸਥਾਨ ਦੇ ਕੋਟਾ 'ਚ 110, ਬੂੰਦੀ 'ਚ 10 ਅਤੇ ਬੀਕਾਨੇਰ 'ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇਕ ਸਾਲ 'ਚ 1,150 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਵੱਡੇ ਸ਼ਹਿਰਾਂ 'ਚ ਇੰਨੇ ਬੱਚਿਆਂ ਦੀ ਮੌਤ ਹੋਣਾ ਹੈਰਾਨ ਕਰਦਾ ਹੈ। ਇਹ ਸਭ ਵੱਡੀ ਜਾਂਚ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਹੋਰ ਸੂਬਿਆਂ 'ਚ ਵੀ ਹੋਵੇ, ਜਿਸ ਦੀ ਰਿਪੋਰਟ ਸਾਹਮਣੇ ਨਾ ਆਈ ਹੋਵੇ। ਇਸ ਲਈ ਸੂਬਾ ਸਰਕਾਰਾਂ ਨੂੰ ਹਸਪਤਾਲਾਂ ਦੀ ਜਾਂਚ ਕਰਨ ਦੀ ਜਰੂਰਤ ਹੈ।

ਯੂਨੀਸੈਫ ਮੁਤਾਬਕ ਭਾਰਤ 'ਚ ਹਰ 53 ਸੈਕਿੰਡ 'ਚ ਇਕ ਨਵਜੰਮੇ ਬੱਚੇ ਦੀ ਮੌਤ ਹੁੰਦੀ ਹੈ, ਇਸ ਦਾ ਮਤਲਬ ਕਿ ਰੋਜ਼ਾਨਾ 1600 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੁੰਦੀ ਹੈ। ਦੇਸ਼ 'ਚ ਨਵਜੰਮੇ ਬੱਚਿਆਂ ਦੀ ਮੌਤ ਦਰ ਪ੍ਰਤੀ 1000 ਬੱਚਿਆਂ 'ਚੋ 23 ਦੀ ਮੌਤ 28 ਦਿਨਾਂ ਤੋਂ ਪਹਿਲਾਂ ਹੀ ਹੋ ਜਾਂਦੀ ਹੈ। ਉੱਥੇ ਹੀ, ਯੂ. ਐੱਨ. ਦੀ ਇਕ ਰਿਪੋਰਟ ਮੁਤਾਬਕ ਭਾਰਤ 'ਚ ਸਾਲ 2018 ਦੌਰਾਨ 5.50 ਲੱਖ ਨਵਜੰਮੇ ਬੱਚਿਆਂ ਦੀ ਮੌਤ ਹੋਈ ਸੀ।


Iqbalkaur

Content Editor

Related News