ਇੰਦੌਰ ''ਚ ਹਸਪਤਾਲ ਦੀ ਵੱਡੀ ਲਾਪਰਵਾਹੀ, ਬਜ਼ੁਰਗ ਦੀ ਲਾਸ਼ ਨੂੰ ਕੁਤਰ ਗਏ ਚੂਹੇ

09/21/2020 5:18:47 PM

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਵਿਡ-19 ਨਾਲ 87 ਸਾਲਾ ਵਿਅਕਤੀ ਦੀ ਐਤਵਾਰ ਰਾਤ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਚੂਹਿਆਂ ਨੇ ਕੁਤਰ ਦਿੱਤਾ। ਲਾਸ਼ ਦੀ ਅਣਦੇਖੀ ਦਾ ਵੀਡੀਓ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਮੈਜਿਸਟਰੇਟੀ ਜਾਂਚ ਦਾ ਆਦੇਸ਼ ਦਿੱਤਾ ਹੈ। ਇਸ ਵੀਡੀਓ 'ਚ ਸਫੇਦ ਕਫਨ 'ਚ ਪੂਰੀ ਤਰ੍ਹਾਂ ਨਾਲ ਲਿਪਟੀ ਲਾਸ਼ ਦੇ ਚਿਹਰੇ ਅਤੇ ਪੈਰ ਦੀ ਜਗ੍ਹਾ 'ਤੇ ਜ਼ਖਮ ਨਜ਼ਰ ਆ ਰਹੇ ਹਨ। ਵੀਡੀਓ 'ਚ ਰੋ ਰਹੇ ਇਕ ਪਰਿਵਾਰ ਦੀ ਆਵਾਜ਼ ਸੁਣਾਈ ਪੈ ਰਹੀ ਹੈ,''ਇਹ ਦੇਖੋ, ਸਾਨੂੰ ਯੂਨਿਕ ਹਸਪਤਾਲ ਤੋਂ ਜੋ ਲਾਸ਼ ਦਿੱਤੀ ਜਾ ਰਹੀ ਹੈ, ਉਸ ਨੂੰ ਚੂਹੇ ਨੇ ਕੁਤਰ ਦਿੱਤਾ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਵੀਨਚੰਦਰ ਜੈਨ (87) ਦੇ ਰੂਪ 'ਚ ਹੋਈ ਹੈ।

ਕੋਵਿਡ-19 ਦੀ ਰੋਕਥਾਮ ਲਈ ਇੰਦੌਰ ਜ਼ਿਲ੍ਹੇ ਦੇ ਨੋਡਲ ਅਧਿਕਾਰੀ ਅਮਿਤ ਮਾਲਾਕਾਰ ਨੇ ਦੱਸਿਆ,''ਕੋਵਿਡ-19 ਦੇ ਇਸ ਮਰੀਜ਼ ਨੇ ਯੂਨਿਕ ਹਸਪਤਾਲ 'ਚ ਇਲਾਜ ਦੌਰਾਨ ਐਤਵਾਰ ਰਾਤ ਦਮ ਤੋੜ ਦਿੱਤਾ। ਮਰੀਜ਼ ਨੂੰ ਉਸ ਦੀ ਗੰਭੀਰ ਹਾਲਤ ਕਾਰਨ ਆਕਸੀਜਨ ਵੀ ਦਿੱਤੀ ਜਾ ਰਹੀ ਸੀ।'' ਉਨ੍ਹਾਂ ਨੇ ਦੱਸਿਆ ਕਿ ਨਿੱਜੀ ਹਸਪਤਾਲ ਦੀ ਲਾਪਰਵਾਹੀ ਕਾਰਨ ਬਜ਼ੁਰਗ ਦੀ ਲਾਸ਼ ਨੂੰ ਚੂਹਿਆਂ ਦੇ ਕੁਤਰਨ ਦੇ ਦੋਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਜਿਸਟਰੇਟੀ ਜਾਂਚ ਦਾ ਆਦੇਸ਼ ਦਿੱਤਾ ਹੈ। ਇਸ ਵਿਚ ਮਰਹੂਮ ਬਜ਼ੁਰਗ ਦੇ ਪੋਤੇ ਚੇਤਨ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਨਵੀਨਚੰਦਰ ਜੈਨ ਦੇ ਸਰੀਰ 'ਚ ਆਕਸੀਜਨ ਦੇ ਪੱਧਰ 'ਚ ਲਗਾਤਾਰ ਉਤਾਰ-ਚੜਾਅ ਕਾਰਨ ਉਨ੍ਹਾਂ ਨੂੰ 4 ਦਿਨ ਪਹਿਲਾਂ ਦੁਸਹਿਰਾ ਮੈਦਾਨ ਕੋਲ ਸਥਿਤ ਯੂਨਿਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 

ਉਨ੍ਹਾਂ ਨੇ ਦੱਸਿਆ,''ਜਾਂਚ 'ਚ ਮੇਰੇ ਦਾਦਾ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਹਾਲਾਂਕਿ ਡਾਕਟਰਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦ ਠੀਕ ਹੋ ਜਾਣਗੇ।'' ਜੈਨ ਨੇ ਦੱਸਿਆ,''ਹਸਪਤਾਲ ਪ੍ਰਬੰਧਨ ਨੇ ਮੇਰੇ ਦਾਦਾ ਦੀ ਲਾਸ਼ ਸੋਮਵਾਰ ਨੂੰ ਸੌਂਪੀ। ਅਸੀਂ ਦੇਖਿਆ ਕਿ ਚੂਹੇ ਉਨ੍ਹਾਂ ਦੀ ਲਾਸ਼ ਦਾ ਕੰਨ ਅਤੇ ਅੰਗੂਠਾ ਕੁਤਰ ਗਏ ਸਨ।'' ਮਾਮਲੇ 'ਚ ਨਿੱਜੀ ਹਸਪਤਾਲ ਦੇ ਪ੍ਰਬੰਧਨ ਦਾ ਪੱਖ ਜਾਣਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਹੁਣ ਤੱਕ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ।


DIsha

Content Editor

Related News