ਇੰਦੌਰ ਅਗਨੀਕਾਂਡ: 7 ਲੋਕਾਂ ਨੂੰ ਜ਼ਿੰਦਾ ਸਾੜ ਕੇ ਮਾਰਨ ਦਾ ਦੋਸ਼ੀ ‘ਸਿਰਫਿਰਾ ਆਸ਼ਕ’ ਗ੍ਰਿਫਤਾਰ
Sunday, May 08, 2022 - 11:39 AM (IST)
ਇੰਦੌਰ (ਭਾਸ਼ਾ)– ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਰਿਹਾਇਸ਼ੀ ਇਮਾਰਤ ’ਚ ਭਿਆਨਕ ਅਗਨੀਕਾਂਡ ਨਾਲ ਜੁੜੇ ਮਾਮਲੇ ’ਚ ਇਕ ਜੋੜੇ ਸਮੇਤ 7 ਲੋਕਾਂ ਦੇ ਕਤਲ ਦਾ ਦੋਸ਼ੀ ‘ਸਿਰਫਿਰੇ ਆਸ਼ਕ’ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਦਾ ਦਾਅਵਾ ਹੈ ਕਿ ਪੁਲਸ ਟੀਮ ਤੋਂ ਬਚ ਕੇ ਦੌੜਨ ਦੀ ਕੋਸ਼ਿਸ਼ ’ਚ ਦੋਸ਼ੀ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਵਿਜੇ ਨਗਰ ਪੁਲਸ ਥਾਣੇ ਦੇ ਥਾਣੇਦਾਰ ਤਹਜੀਬ ਕਾਜ਼ੀ ਨੇ ਦੱਸਿਆ ਕਿ ਸਵਰਣ ਬਾਗ ਕਾਲੋਨੀ ਦੀ ਰਿਹਾਇਸ਼ ਇਮਾਰਤ ’ਚ ਭਿਆਨਕ ਅਗਨੀਕਾਂਡ ਦੇ ਦੋਸ਼ੀ ਸ਼ੁਭਮ ਦੀਕਸ਼ਿਤ ਉਰਫ ਸੰਜੈ (27) ਨੂੰ ਲੋਹਾਮੰਡੀ ਖੇਤਰ ਤੋਂ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਗ੍ਰਿਫਤਾਰ ਕੀਤਾ।
ਥਾਣੇਦਾਰ ਕਾਜੀ ਮੁਤਾਬਕ ਦੀਕਸ਼ਿਤ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਝਾਂਸੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਇੰਦੌਰ ’ਚ ਇਕ ਪ੍ਰਾਈਵੇਟ ਕੰਪਨੀ ਲਈ ਕੰਮ ਕਰ ਰਿਹਾ ਸੀ। ਇਸ ਦਰਮਿਆਨ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਦੀਕਸ਼ਿਤ ਸ਼ਹਿਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ’ਚ ਇਲਾਜ ਦੌਰਾਨ ਸਟ੍ਰੈਚਰ ’ਤੇ ਲੰਮੇ ਪਿਆ ਤੜਫ ਰਿਹਾ ਹੈ ਅਤੇ ਉਸ ਦੇ ਹੱਥ ਅਤੇ ਪੈਰ ਤੋਂ ਖੂਨ ਨਿਕਲ ਰਿਹਾ ਹੈ। ਕਾਜੀ ਮੁਤਾਬਕ ਅਗਨੀਕਾਂਡ ਤੋਂ ਬਾਅਦ ਫਰਾਰ ਦੀਕਸ਼ਿਤ ਨਿਰੰਜਨਪੁਰ ’ਚ ਆਪਣੇ ਦੋਸਤਾਂ ਦੇ ਘਰ ’ਚ ਲੁੱਕਿਆ ਸੀ ਅਤੇ ਬਾਅਦ ਵਿਚ ਲੋਹਾਮੰਡੀ ਖੇਤਰ ਪਹੁੰਚ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਤੋਂ ਵਿਸਥਾਰਪੂਰਵਕ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਸ ਮੁਤਾਬਕ ਦੀਕਸ਼ਿਤ ਨੇ ਇਕ ਮਹਿਲਾ ਨਾਲ ਵਿਆਰ ਦੀ ਕੋਸ਼ਿਸ਼ ’ਚ ਨਾਕਾਮ ਰਹਿਣ ਮਗਰੋਂ ਉਸ ਨਾਲ ਬਦਲਾ ਲੈਣ ਦੀ ਨੀਅਤ ਨਾਲ ਸਵਰਣ ਬਾਗ ਕਾਲੋਨੀ ਦੀ ਰਿਹਾਇਸ਼ੀ ਇਮਾਰਤ ਦੀ ਪਾਰਕਿੰਗ ’ਚ ਖੜ੍ਹੇ ਉਸ ਦੇ ਸਕੂਟਰ ’ਚ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨ ਰਾਤ ਅੱਗ ਲਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਬਾਅਦ ’ਚ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਅਗਨੀਕਾਂਡ ’ਚ ਇਕ ਜੋੜੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 9 ਹੋਰ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਪੁਲਸ ਨੇ ਦੀਕਸ਼ਿਤ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 302 (ਕਤਲ) ਅਤੇ 436 (ਭਵਨ ਨੂੰ ਸਾੜ ਕੇ ਸੁਆਹ ਕਰਨ ਦੀ ਨੀਅਤ ਨਾਲ ਜਲਣਸ਼ੀਲ ਪਦਾਰਥ ਦਾ ਇਸਤੇਮਾਲ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।