PM ਮੋਦੀ ਨੇ ਆਪਣੀ ਨਾਕਾਮੀ ਲੁਕਾਉਣ ਲਈ ਦਿੱਤੀ 12 ਕੇਂਦਰੀ ਮੰਤਰੀਆਂ ਦੀ ਬਲੀ: ਕਾਂਗਰਸ
Friday, Jul 09, 2021 - 12:31 PM (IST)
ਇੰਦੌਰ– ਮੱਧ-ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ’ਚ ਸ਼ੁੱਕਰਵਾਰ ਸਵੇਰੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧ ’ਚ ਅਨੋਖਾ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਇਹ ਪ੍ਰਦਰਸ਼ਨ ਹਾਲ ਹੀ ’ਚ ਕੇਂਦਰੀ ਮੰਤਰੀ ਮੰਡਲ ’ਚ ਹੋਏ ਫੇਰਬਦਲ ਨੂੰ ਲੈ ਕੇ ਕੀਤਾ ਹੈ। ਕਾਂਗਰਸ ਦਾ ਦੋਸ਼ ਹੈ ਕਿ ਪੀ.ਐੱਮ. ਮੋਦੀ ਨੇ 7 ਸਾਲਾਂ ਦੀ ਆਪਣੀ ਨਾਕਾਮੀ ਲੁਕਾਉਣ ਲਈ ਕੇਂਦਰ ਦੇ 12 ਮੰਤਰੀਆਂ ਦੀ ਰਾਜਨੀਤਿਕ ਬਲੀ ਚੜ੍ਹਾ ਦਿੱਤੀ। ਇਸ ਲਈ ਕਾਂਗਰਸ ਨੇ ਮੋਦੀ ਸਰਕਾਰ ਦੀ ਨਾਕਾਮੀ ਕਾਰਨ ਰਾਜਨੀਤਿਕ ਬਲੀ ਚੜ੍ਹੇ 12 ਮੰਤਰੀਆਂ ਨੂੰ ਸ਼ਰਧਾਂਜਲੀ ਦੇ ਕੇ ਵਿਦਾਈ ਦੇ ਦਿੱਤੀ।
ਕਾਂਗਰਸ ਦੇ ਪ੍ਰਦੇਸ਼ ਸਕੱਤਰ ਵਿਵੇਕ ਖੰਡੇਲਵਾਲ ਨੇ ਦੱਸਿਆ ਕਿ 7 ਸਾਲਾਂ ’ਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਠੀਕਰਾ ਪੀ.ਐੱਮ. ਮੋਦੀ ਨੇ ਆਪਣੇ 12 ਮੰਤਰੀਆਂ ’ਤੇ ਭੰਨ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਨਾਕਾਮ ਹੈ, ਅਜਿਹੇ ’ਚ ਅਸਤੀਫਾ ਪੀ.ਐੱਮ. ਮੋਦੀ ਜੀ ਨੂੰ ਖੁਦ ਦੇਣਾ ਚਾਹੀਦਾ ਸੀ। ਉਥੇ ਹੀ ਕਾਂਗਰਸ ਦਾ ਮੰਨਣਾ ਹੈ ਕਿ ਸਿਹਤ ਮੰਤਰੀ ਹਰਸ਼ਵਰਧਨ ਸਿੰਘ ਦਾ ਅਸਤੀਫਾ ਇਹ ਦੱਸਦਾ ਹੈ ਕਿ ਕੇਂਦਰ ਸਰਕਾਰ ਕੋਰੋਨਾ ਵਰਗੀ ਮਹਾਮਾਰੀ ਨੂੰ ਸਹੀ ਢੰਗ ਨਾਲ ਨਾ ਨਜਿੱਠਣ ਅਤੇ ਲੱਖਾਂ ਲੋਕਾਂ ਦੀ ਜਾਨ ਨਾ ਬਚਾਉਣ ਸਕਣ ਦੇ ਚਲਦੇ ਦੋਸ਼ੀ ਹੈ। ਉਥੇ ਹੀ ਸਰਕਾਰ ਦੁਆਰਾ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦਾ ਮਹਿਕਮਾ ਬਦਲਣਾ ਵੀ ਇਹ ਦਰਸ਼ਾਉਂਦਾ ਹੈ ਕਿ ਇਹ ਪੈਟਰੋਲ-ਡੀਜ਼ਲ ਦੀ ਵਧਦੀ ਕੀਮਤ ਸਰਕਾਰ ਦੇ ਹੱਥਾਂ ’ਚ ਨਹੀਂ ਹੈ। ਕੇਂਦਰ ਸਰਕਾਰ ਦੇ ਦੋ ਸੀਨੀਅਮ ਮੰਤਰੀ ਪ੍ਰਕਾਸ਼ ਜਾਵੇਡਕਰ ਅਤੇ ਰਵੀਸ਼ੰਕਰ ਪ੍ਰਸਾਦ ਜੋ ਕਿ ਸਰਕਾਰ ਦੇ ਬੁਲਾਰੇ ਵੀ ਸਨ, ਉਹ ਦੋਵੇਂ ਸਰਕਾਰ ਦੀਆਂ ਨਾਕਾਮੀਆਂ ਦੇ ਬ੍ਰਾਂਡ ਅੰਬੈਸਡਰ ਬਣ ਚੁੱਕੇ ਸਨ।
ਅਜਿਹੇ ਹੀ ਹੋਰ ਮਹਿਕਮਿਆਂ ਦੇ ਮੰਤਰੀਆਂ ਨੂੰ ਹਟਾਉਣਾ ਅਤੇ ਮਹਿਕਮੇ ਬਦਲਣਾ ਇਹੀ ਦੱਸਦਾ ਹੈ ਕਿ 7 ਸਾਲਾਂ ਦੀ ਮੋਦੀ ਸਰਕਾਰ ਹਰ ਮੋਰਚੇ ’ਚ ਫੇਲ੍ਹ ਰਹੀ ਹੈ। ਸ਼ੁੱਕਰਵਾਰ ਨੂੰ ਇਸੇ ਗੱਲ ਨੂੰ ਦਰਸ਼ਾਉਂਦੇ ਹੋਏ ਕਾਂਗਰਸ ਨੇ ਠੇਲ ’ਤੇ 12 ਮੰਤਰੀਆਂ ਦੀਆਂ ਤਸਵੀਰਾਂ ਲਗਾ ਕੇ ਆਮ ਜਨਤਾ ਕੋਲੋਂ ਮਾਲਾ ਪੁਆ ਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਜਨਤਾ ਦੇ ਸਾਹਮਣੇ ਮੋਦੀ ਸਰਕਾਰ ਦੀ ਨਾਕਾਮੀ ਨੂੰ ਦੱਸਦੇ ਹੋਏ ਪੂਰੇ ਖੇਤਰ ’ਚ ਠੇਲੇ ਨੂੰ ਘੁੰਮਾਇਆ ਗਿਆ।