ਇੰਦੌਰ ਵਾਸੀਆਂ ਨੇ ‘ਏਕ ਪੇੜ ਮਾਂ ਕੇ ਨਾਮ’ ਲਗਾ ਕੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ

Sunday, Jul 14, 2024 - 11:49 PM (IST)

ਇੰਦੌਰ ਵਾਸੀਆਂ ਨੇ ‘ਏਕ ਪੇੜ ਮਾਂ ਕੇ ਨਾਮ’ ਲਗਾ ਕੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ

ਇੰਦੌਰ, (ਯੂ. ਐੱਨ. ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰੇ ਦੇਸ਼ ’ਚ ‘ਏਕ ਪੇੜ ਮਾਂ ਕੇ ਨਾਮ’ ਅਧੀਨ ਚੱਲ ਰਹੀ ਮੁਹਿੰਮ ਦੌਰਾਨ ਐਤਵਾਰ ਦੇਸ਼ ਵਾਸੀਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਰੁੱਖ ਲਾਉਣਾ ਸੌਖਾ ਹੈ ਪਰ ਉਸ ਨੂੰ ਵੱਡਾ ਕਰਨਾ ਔਖਾ ਹੈ। ਰੁੱਖ ਲਾ ਕੇ ਤੁਸੀਂ ਉਸ ਦੀ ਪੁੱਤਰ ਵਾਂਗ ਚਿੰਤਾ ਕਰੋ, ਵੱਡਾ ਹੋ ਕੇ ਉਹ ਮਾਂ ਵਾਂਗ ਤੁਹਾਡੀ ਦੇਖਭਾਲ ਕਰੇਗਾ।

ਐਤਵਾਰ ਇੰਦੌਰ ’ਚ ਇਕ ਦਿਨ ’ਚ 11 ਲੱਖ ਬੂਟੇ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਸ਼ਾਹ ਨੇ ਇਸ ਵਿਸ਼ਾਲ ਮੁਹਿੰਮ ’ਚ ਹਿੱਸਾ ਲਿਆ। ਇਸ ਦੌਰਾਨ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ, ਕੇਂਦਰੀ ਮੰਤਰੀ ਸਾਵਿਤਰੀ ਠਾਕੁਰ, ਸੂਬਾ ਸਰਕਾਰ ਦੇ ਮੰਤਰੀ ਕੈਲਾਸ਼ ਵਿਜੇਵਰਗੀਜ਼ , ਤੁਲਸੀ ਸਿਲਾਵਤ ਤੇ ਹੋਰ ਲੋਕ ਪ੍ਰਤੀਨਿਧੀ ਵੀ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਇਸ ਮੁਹਿੰਮ ਨੂੰ ਚਲਾਉਣ ਦਾ ਸੱਦਾ ਦਿੱਤਾ ਸੀ। ਸ਼ੁਰੂ ’ਚ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਇਕ ਨਾਅਰਾ ਨਹੀਂ ਸਗੋਂ ਲੋਕ ਲਹਿਰ ਬਣ ਜਾਏਗਾ। ਰੁੱਖ ਲਾਉਣ ਸਮੇਂ ਹਰ ਵਿਅਕਤੀ ਆਪਣੀ ਮਾਂ ਦੇ ਨਾਲ-ਨਾਲ ਧਰਤੀ ਮਾਂ ਨੂੰ ਵੀ ਸ਼ਰਧਾਂਜਲੀ ਭੇਟ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇੰਦੌਰ ਸਵੱਛਤਾ, ਸੁਆਦ, ਸੁਸ਼ਾਸਨ, ਸਹਿਯੋਗ ਅਤੇ ਸਹਿਹੋਂਦ ਲਈ ਜਾਣਿਆ ਜਾਂਦਾ ਹੈ। ਅੱਜ ਤੋਂ ਇੰਦੌਰ ਨੂੰ ਰੁੱਖ ਲਾਉਣ ਦੀ ਇਸ ਮੁਹਿੰਮ ਲਈ ਵੀ ਪੂਰੇ ਦੇਸ਼ ’ਚ ਜਾਣਿਆ ਜਾਵੇਗਾ।


author

Rakesh

Content Editor

Related News