ਬੇਖ਼ੌਫ ਬਦਮਾਸ਼ਾਂ ਨੇ ਪਹਿਲਾਂ ਵਿਅਕਤੀ ਦੇ ਅੱਖਾਂ ’ਚ ਸੁੱਟਿਆ ਮਿਰਚ ਪਾਊਡਰ ਫਿਰ ਚਾਕੂ ਨਾਲ ਕੀਤੇ ਕਈ ਵਾਰ
Wednesday, Oct 13, 2021 - 02:35 PM (IST)
            
            ਇੰਦੌਰ— ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ ਹੁਣ ਅਪਰਾਧ ਅਤੇ ਅਪਰਾਧੀਆਂ ਦੀ ਰਾਜਧਾਨੀ ’ਚ ਤਬਦੀਲ ਹੁੰਦੀ ਜਾ ਰਹੀ ਹੈ। ਇੰਦੌਰ ਵਿਚ ਬਦਮਾਸ਼ਾਂ ਨੂੰ ਪੁਲਸ ਦਾ ਕੋਈ ਖ਼ੌਫ ਨਹੀਂ ਹੈ, ਜਿਸ ਦਾ ਉਦਾਹਰਣ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਵੇਖਣ ਨੂੰ ਮਿਲਿਆ। ਦਰਅਸਲ ਅੱਜ ਸਵੇਰੇ ਆਕਾਸ਼ ਨਾਮੀ ਇਕ ਵਿਅਕਤੀ ਨੂੰ ਅਣਪਛਾਤੇ ਬਦਮਾਸ਼ਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਕੇ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।
ਕਤਲ ਦੀ ਸਨਸਨੀਖੇਜ਼ ਵਾਰਦਾਤ ਇੰਦੌਰ ਦੇ ਬਾਣਗੰਗਾ ਥਾਣਾ ਖੇਤਰ ਦੇ ਭਾਗੀਰਥਪੁਰਾ ਦੀ ਦੱਸੀ ਜਾ ਰਹੀ ਹੈ। ਜਿੱਥੇ ਬਿਜਲੀ ਬੋਰਡ ਦਫ਼ਤਰ ਦੇ ਸਾਹਮਣੇ ਯੋਜਨਾ ਬਣਾ ਕੇ ਆਏ ਅਣਪਛਾਤੇ ਬਦਮਾਸ਼ਾਂ ਨੇ ਪਹਿਲਾਂ ਆਕਾਸ਼ ਦੀਆਂ ਅੱਖਾਂ ਵਿਚ ਲਾਲ ਮਿਰਚ ਪਾਊਡਰ ਸੁੱਟਿਆ ਅਤੇ ਉਸ ਤੋਂ ਬਾਅਦ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਅੱਧ ਮਰਿਆ ਕਰ ਦਿੱਤਾ। ਜਦੋਂ ਤਕ ਕਿਸੇ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਦੀ, ਉਸ ਤੋਂ ਪਹਿਲਾਂ ਹੀ ਆਕਾਸ਼ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਵਾਸੀ ਵਾਲਮੀਕੀ ਨਗਰ ਸਵੇਰੇ ਆਪਣੀ ਪਤਨੀ ਨੂੰ ਦਫ਼ਤਰ ਛੱਡ ਕੇ ਵਾਪਸ ਘਰ ਜਾ ਰਿਹਾ ਸੀ, ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਕਾਤਲਾਂ ਨੇ ਆਕਾਸ਼ ਦੀਆਂ ਅੱਖਾਂ ’ਚ ਲਾਲ ਮਿਰਚ ਪਾਊਡਰ ਸੁੱਟ ਦਿੱਤਾ ਅਤੇ ਚਾਕੂ ਨਾਲ ਵਾਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਦੋਸ਼ੀ ਕੌਣ ਹੈ ਅਤੇ ਕਤਲ ਦੀ ਵਜ੍ਹਾ ਕੀ ਹੈ, ਪੁਲਸ ਤਹਿ ਤਕ ਜਾਣ ਲਈ ਭਾਲ ’ਚ ਜੁੱਟ ਗਈ ਹੈ।
