ਇੰਡੋਨੇਸ਼ੀਆ ਜਹਾਜ਼ ਹਾਦਸਾ : ਕੈਪਟਨ ਭਵਯ ਸੁਨੇਜਾ ਦੀ ਲਾਸ਼ ਦੀ ਹੋਈ ਪਛਾਣ
Sunday, Nov 25, 2018 - 12:58 PM (IST)

ਜਕਾਰਤਾ/ਨਵੀਂ ਦਿੱਲੀ (ਬਿਊਰੋ)— ਇੰਡੋਨੇਸ਼ੀਆ ਵਿਚ 29 ਅਕਤੂਬਰ ਨੂੰ ਸਮੁੰਦਰ ਵਿਚ ਲਿਓਨ ਏਅਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 189 ਲੋਕ ਸਵਾਰ ਸਨ। ਇਸ ਹਾਦਸੇ ਦੇ ਕਰੀਬ ਇਕ ਮਹੀਨੇ ਬਾਅਦ ਭਾਰਤੀ ਮੂਲ ਦੇ ਕੈਪਟਨ ਭਵਯ ਸੁਨੇਜਾ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਸੁਨੇਜਾ ਦੀ ਲਾਸ਼ ਦੀ ਪਛਾਣ ਸਬੰਧੀ ਪੁਸ਼ਟੀ ਕਰ ਦਿੱਤੀ ਹੈ। ਉੱਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਟਵੀਟ ਕਰ ਕੇ ਸੁਨੇਜਾ ਦੀ ਲਾਸ਼ ਦੀ ਪਛਾਣ ਹੋਣ ਦਾ ਐਲਾਨ ਕਰ ਦਿੱਤਾ।
Indonesian authorities have confirmed identification of the body of Capt.Bhavya Suneja. The remains will be handed over to the family in the presence of @IndianEmbJkt today. My heartfelt condolences to the bereaved family.
— Sushma Swaraj (@SushmaSwaraj) November 24, 2018
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਇੰਡੋਨੇਸ਼ੀਆਈ ਅਧਿਕਾਰੀਆਂ ਨੇ ਕੈਪਟਨ ਭਵਯ ਸੁਨੇਜਾ ਦੀ ਲਾਸ਼ ਦੀ ਪਛਾਣ ਹੋਣ ਦੀ ਪੁਸ਼ਟੀ ਕੀਤੀ ਹੈ।'' ਸੁਸ਼ਮਾ ਨੇ ਲਿਖਿਆ ਕਿ ਜਕਾਰਤਾ ਵਿਚ ਭਾਰਤੀ ਰਾਜਦੂਤ ਦੀ ਮੌਜੂਦਗੀ ਵਿਚ ਅੱਜ ਲਾਸ਼ ਸੌਂਪੀ ਜਾਵੇਗੀ। ਮੇਰੀ ਹਮਦਰਦੀ ਪਰਿਵਾਰ ਨਾਲ ਹੈ। ਇੱਥੇ ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਜਕਾਰਤਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਸਮਾਂ ਬਾਅਦ ਹੀ ਲਿਓਨ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਜਹਾਜ਼ ਵਿਚ ਸਵਾਰ ਕੁੱਲ 189 ਲੋਕ ਸਵਾਰ ਸਨ। ਦਿੱਲੀ ਨਿਵਾਸੀ ਕੈਪਟਨ ਸੁਨੇਜਾ ਦੀ ਉਮਰ ਸਿਰਫ 31 ਸਾਲ ਸੀ।
ਪੀੜਤ ਪਰਿਵਾਰ ਨੇ ਕੀਤਾ ਬੋਇੰਗ 'ਤੇ ਕੇਸ
ਉੱਧਰ ਲਿਓਨ ਏਅਰ ਜਹਾਜ਼ ਹਾਦਸੇ ਵਿਚ ਮਾਰੇ ਗਏ 189 ਯਾਤਰੀਆਂ ਵਿਚੋਂ ਇਕ ਦੇ ਪਰਿਵਾਰ ਵਾਲਿਆਂ ਨੇ ਬੋਇੰਗ ਕੰਪਨੀ 'ਤੇ ਮੁਕੱਦਮਾ ਕਰ ਦਿੱਤਾ। ਅਸਲ ਵਿਚ ਪਰਿਵਾਰ ਵਾਲਿਆਂ ਦਾ ਮੰਨਣਾ ਹੈ ਕਿ ਜਹਾਜ਼ ਦਾ ਡਿਜ਼ਾਈਨ ਹੀ ਇਸ ਹਾਦਸੇ ਦਾ ਕਾਰਨ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬੋਇੰਗ ਦੇ 737 ਮੈਕਸ 8 ਜਹਾਜ਼ ਦੇ ਕਥਿਤ 'ਅਸੁਰੱਖਿਅਤ ਡਿਜ਼ਾਈਨ' ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਇਲੀਨੌਏ ਦੇ ਕੁਕ ਕਾਊਂਟੀ ਦੇ ਸਰਕਿਟ ਕੋਰਟ ਵਿਚ ਵੀਰਵਾਰ ਨੂੰ ਮੁਕੱਦਮਾ ਦਾਇਰ ਕੀਤਾ ਗਿਆ।