ਇੰਡੀਗੋ ਵਿਵਾਦ : ਕੰਪਨੀ ''ਚ ਆਪਣੀ ਹਿੱਸੇਦਾਰੀ ਨਹੀਂ ਵੇਚਣਗੇ ਗੰਗਵਾਲ
Tuesday, Jul 16, 2019 - 10:06 PM (IST)

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾਦਾਤਾ ਕੰਪਨੀ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਨੇ ਕਿਹਾ ਹੈ ਕਿ ਉਹ ਆਪਣੇ ਪਾਰਟਨਰ ਰਾਹੁਲ ਭਾਟੀਆ ਨਾਲ ਵਿਵਾਦ ਦੇ ਬਾਵਜੂਦ ਕੰਪਨੀ 'ਚ ਆਪਣੀ ਹਿੱਸੇਦਾਰੀ ਨਹੀਂ ਵੇਚਣਗੇ ਅਤੇ ਇਸ ਨੂੰ ਬਰਕਰਾਰ ਰੱਖਣਗੇ। ਬਲੂਮਬਰਗ ਦੀ ਇਕ ਰਿਪੋਰਟ 'ਚ ਭਾਟੀਆ 'ਤੇ ਕੰਪਨੀ ਦੇ ਕਾਰਪੋਰੇਟ ਗਵਰਨੈਂਸ ਨੂੰ ਬਦਤਰ ਕਰਨ ਦਾ ਦੋਸ਼ ਲਾਉਣ ਵਾਲੇ ਗੰਗਵਾਲ ਨੇ ਕਿਹਾ, ''ਮੈਂ ਇੱਥੇ ਲੰਮੀ ਪਾਰੀ ਖੇਡਣ ਲਈ ਆਇਆ ਹਾਂ। ਮੇਰੀ ਇੱਛਾ ਨਾ ਤਾਂ ਆਪਣੀ ਹਿੱਸੇਦਾਰੀ ਵੇਚਣ ਦੀ ਹੈ ਅਤੇ ਨਾ ਹੀ ਇਸ ਨੂੰ ਵਧਾਉਣ ਦੀ।'' ਉਥੇ ਹੀ ਸਹਿ ਪ੍ਰਮੋਟਰ ਰਾਹੁਲ ਭਾਟੀਆ ਦੇ ਸਮੂਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਰਾਕੇਸ਼ ਗੰਗਵਾਲ ਦੇ ਦੋਸ਼ਾਂ ਨਾਲ ਕੰਪਨੀ ਦੀ ਸਿਹਤ 'ਤੇ ਕੋਈ ਫਰਕ ਨਹੀਂ ਪਵੇਗਾ। ਇਹੀ ਨਹੀਂ ਗੰਗਵਾਲ ਦੇ ਗ਼ੈਰ-ਮਾਮੂਲੀ ਆਮ ਬੈਠਕ ਬੁਲਾਉਣ ਦੇ ਪ੍ਰਸਤਾਵ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਵੱਲੋਂ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਖਾਰਿਜ ਕਰ ਦਿੱਤਾ ਗਿਆ।