ਰਾਕੇਸ਼ ਟਿਕੈਤ ਦੀ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਪੀਲ, PM ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ
Friday, Sep 24, 2021 - 03:05 PM (IST)
ਗਾਜ਼ੀਆਬਾਦ- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਉਹ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਸ਼ਨੀਵਾਰ ਨੂੰ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਅਪੀਲ ਕੀਤੀ ਕਿ ਉਹ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਕਿਸਾਨਾਂ ਦੀਆਂ ਚਿੰਤਾਵਾਂ ’ਤੇ ਧਿਆਨ ਦੇਣ। ਅਮਰੀਕਾ ’ਚ ਭਾਰਤੀਆਂ ਨੂੰ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਟਿਕੈਤ ਨੇ ਦਾਅਵਾ ਕੀਤਾ ਕਿ ਵਿਵਾਦਿਤ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁਕੇ ਹਨ ਪਰ ਕੇਂਦਰ ਹਾਲੇ ਵੀ ਕਾਨੂੰਨਾਂ ’ਤੇ ਮੁੜ ਵਿਚਾਰ ਕਰਨ ਲਈ ਤਿਆਰ ਨਹੀਂ ਹੈ।
ਮੋਦੀ ਬੁੱਧਵਾਰ ਨੂੰ ਤਿੰਨ ਦਿਨਾ ਅਧਿਕਾਰਤ ਯਾਤਰਾ ’ਤੇ ਅਮਰੀਕਾ ਪਹੁੰਚੇ, ਜਿੱਥੇ ਉਹ ਬਾਈਡੇਨ ਸਮੇਤ ਹੋਰ ਨੇਤਾਵਾਂ ਨਾਲ ਬੈਠਕ ਕਰਨਗੇ। ਮੋਦੀ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਨਗੇ। ਟਿਕੈਤ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ,‘‘ਅਸੀਂ ਅਮਰੀਕਾ ’ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ 25 ਸਤੰਬਰ ਨੂੰ ਨਿਊਯਾਰਕ ’ਚ ਇਕ ਪ੍ਰੋਗਰਾਮ ਲਈ ਉੱਥੇ ਹੋਣਗੇ। ਅਮਰੀਕਾ ’ਚ ਸਾਰੇ ਭਾਰਤੀਆਂ ਨੂੰ ਆਪਣੇ ਵਾਹਨਾਂ ’ਤੇ ‘ਕਿਸਾਨਾਂ’ ਦਾ ਝੰਡਾ ਅਤੇ ‘ਨੋ ਫਾਰਮਰ ਨੋ ਫੂਡ’ ਦਾ ਬੈਨਰ ਲਗਾਉਣਾ ਚਾਹੀਦਾ ਅਤੇ ਕਿਸਾਨਾਂ ਦੇ ਸਮਰਥਨ ’ਚ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ।’’