ਥਾਈਲੈਂਡ ’ਚ ਨੌਕਰੀ ਦੇ ਨਾਂ ’ਤੇ ਠੱਗੇ ਜਾ ਰਹੇ ਭਾਰਤੀ, ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ

09/25/2022 10:31:24 AM

ਨਵੀਂ ਦਿੱਲੀ- ਭਾਰਤੀ ਵਿਦੇਸ਼ ਮੰਤਰਾਲੇ ਨੇ ਵਿਦੇਸ਼ਾਂ ’ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨੌਕਰੀਆਂ ਲਈ ਦੇਸ਼ ’ਚੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਵਿਦੇਸ਼ੀ ਮਾਲਕਾਂ ਦੀ ਭਰੋਸੇਯੋਗਤਾ ਅਤੇ ਭਰਤੀ ਏਜੰਟਾਂ ਦੇ ਪਿਛੋਕੜ ਦੀ ਜਾਂਚ ਕਰਨ। ਥਾਈਲੈਂਡ ’ਚ ਨੌਕਰੀ ਦੇ ਨਾਂ ’ਤੇ ਕਈ ਭਾਰਤੀਆਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਤਰਾਲੇ ਨੇ ਇਹ ਸਲਾਹ ਦਿੱਤੀ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੈਂਕਾਕ ਅਤੇ ਮਿਆਂਮਾਰ ਸਥਿਤ ਭਾਰਤੀ ਮਿਸ਼ਨਾਂ ਦੇ ਧਿਆਨ ’ਚ ‘ਜਾਅਲੀ ਰੁਜ਼ਗਾਰ ਗਿਰੋਹ’ ਦੇ ਮਾਮਲੇ ਸਾਹਮਣੇ ਆਏ ਹਨ, ਜੋ ਥਾਈਲੈਂਡ ’ਚ ਸ਼ੱਕੀ ਆਈ. ਟੀ. ਕੰਪਨੀਆਂ ’ਚ ਨੌਕਰੀ ਦਿਵਾਉਣ ਦਾ ਲਾਲਚ ਦੇ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਬੈਂਕਾਕ ਅਤੇ ਮਿਆਂਮਾਰ ਸਥਿਤ ਦੂਤਘਰਾਂ ਦੇ ਧਿਆਨ ’ਚ ਜਾਅਲੀ ਰੁਜ਼ਗਾਰ ਗਿਰੋਹ ਵਲੋਂ ਭਾਰਤੀ ਨੌਜਵਾਨਾਂ ਨੂੰ ਵਰਗਲਾ ਕੇ ਸ਼ੱਕੀ ਆਈ. ਟੀ. ਕੰਪਨੀਆਂ ਵਲੋਂ ਥਾਈਲੈਂਡ ’ਚ ‘ਡਿਜੀਟਲ ਸੇਲਜ਼ ਅਤੇ ਮਾਰਕੀਟਿੰਗ ਐਗਜ਼ੀਕਿਊਟਿਵ’ ਦੀ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇਹ ਕੰਪਨੀਆਂ ਕਾਲ ਸੈਂਟਰ ਘੁਟਾਲੇ ਅਤੇ ਕ੍ਰਿਪਟੋਕਰੰਸੀ ਧੋਖਾਧੜੀ ’ਚ ਸ਼ਾਮਲ ਹਨ।

ਐਡਵਾਈਜ਼ਰੀ ’ਚ ਕਿਹਾ ਗਿਆ ਹੈ, ‘‘ਟਾਰਗੇਟ ਗਰੁੱਪ ਆਈ. ਟੀ. ’ਚ ਅਜਿਹੇ ਹੁਨਰਮੰਦ ਨੌਜਵਾਨ ਹਨ, ਜੋ ਸੋਸ਼ਲ ਮੀਡੀਆ ਇਸ਼ਤਿਹਾਰਾਂ, ਦੁਬਈ ਅਤੇ ਭਾਰਤ ’ਚ ਮੌਜੂਦ ਏਜੰਟਾਂ ਵਲੋਂ ਲਾਭਦਾਇਕ ਡਾਟਾ ਐਂਟਰੀ ਦੀਆਂ ਨੌਕਰੀਆਂ ਦਾ ਲਾਲਚ ਦੇ ਕੇ ਧੋਖਾਧੜੀ ਕਰਦੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜ਼ਿਆਦਾਤਰ ਪੀੜਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾ ਕੇ ਮਿਆਂਮਾਰ ਪਹੁੰਚਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਮੁਸ਼ਕਲ ਹਾਲਾਤਾਂ ’ਚ ਕੰਮ ਕਰਵਾਇਆ ਜਾਂਦਾ ਹੈ।


Tanu

Content Editor

Related News