ਪਾਕਿ 'ਚ ਘੱਟ-ਗਿਣਤੀ ਦੀ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਇੰਡੀਅਨ ਵਰਲਡ ਫੋਰਮ ਨੇ ਗੁਟੇਰੇਸ ਨੂੰ ਲਿੱਖੀ ਚਿੱਠੀ
Wednesday, Feb 16, 2022 - 06:11 PM (IST)
ਨਵੀਂ ਦਿੱਲੀ(ਚਾਵਲਾ)-ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਢੋਕ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੂੰ ਪਾਕਿ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਵਿਚ ਹੋ ਰਹੀਆਂ ਕਮੀਆਂ ਬਾਰੇ ਇਕ ਪੱਤਰ ਲਿਖਿਆ ਹੈ। ਇਸਲਾਮੀ ਕੱਟੜਪੰਥੀਆਂ ਦੇ ਵੱਧ ਰਹੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਇਸ ਪੱਤਰ ਵਿਚ ਫੋਰਮ ਨੇ ਪਾਕਿਸਤਾਨ ਵਿਚ ਰਹਿ ਰਹੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸੰਯੁਕਤ ਰਾਸ਼ਟਰ ਦੇ ਫੌਰੀ ਦਖਲ ਦੀ ਮੰਗ ਕੀਤੀ ਹੈ। ਹਿੰਦੂ ਤੇ ਸਿੱਖ ਧਰਮ ਨਾਲ ਸਬੰਧਤ ਘੱਟ ਗਿਣਤੀ ਭਾਈਚਾਰਾ, ਜੋ ਕਿ ਵਾਰ-ਵਾਰ ਅੱਤਿਆਚਾਰਾਂ ਅਤੇ ਘਿਨਾਉਣੇ ਅਪਰਾਧਾਂ ਦਾ ਸ਼ਿਕਾਰ ਹੋ ਰਿਹਾ ਹੈ, ਦੇ ਹਾਲਾਤਾਂ ਦਾ ਹਵਾਲਾ ਵੀ ਦਿੱਤਾ ਹੈ।
ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ
ਫੋਰਮ ਨੇ ਮੰਗ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਪਾਕਿਸਤਾਨ ਨੂੰ ਲੋੜੀਂਦੇ ਨਿਰਦੇਸ਼ ਦੇਵੇ ਤਾਂ ਜੋ ਪਾਕਿਸਤਾਨ ਵਿਚ ਰਹਿ ਰਹੀਆਂ ਘੱਟ ਗਿਣਤੀਆਂ ’ਤੇ ਅੱਤਿਆਚਾਰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਤਾਂ ਜੋ ਪਾਕਿਸਤਾਨ ਸਰਕਾਰ ਉੱਥੇ ਸਥਿਤ ਇਤਿਹਾਸਕ ਗੁਰਧਾਮਾਂ ਅਤੇ ਅਸਥਾਨਾਂ ਦੀ ਪਵਿੱਤਰਤਾ ਨੂੰ ਯਕੀਨੀ ਬਣਾਏ। ਇਸ ਦੇ ਨਾਲ ਹੀ ਕਸ਼ਮੀਰੀ ਅਤੇ ਖਾਲਿਸਤਾਨੀ ਅੱਤਵਾਦੀਆਂ ’ਤੇ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਲਾਗੂ ਕਰਨ ਲਈ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੱਤਰ ਅਨੁਸਾਰ ਕੱਲ ਪੇਸ਼ਾਵਰ ਦੇ ਖੈਬਰ ਪਖਤੂਨਖਵਾ ਤੋਂ ਇਕ ਸਥਾਨਕ ਸਿੱਖ ਹਕੀਮ ਪਪਿੰਦਰ ਸਿੰਘ ਨੂੰ ਗੋਲੀ ਮਾਰ ਕੇ ਇੱਕ ਹੋਰ ਸਿੱਖ ਰਾਹਗੀਰ ਨੂੰ ਬੇਰਹਿਮੀ ਨਾਲ ਜ਼ਖਮੀ ਕਰਨ ਦੀ ਹੈਰਾਨ ਕਰਨ ਵਾਲੀ ਖਬਰ ਮਿਲੀ ਹੈ। ਹਮਲਾਵਰ ਆਈ. ਐਸ-ਕੇ. ਪੀ. ਇਸਲਾਮਿਕ ਸਟੇਟ ਨਾਲ ਜੁੜੇ ਦੱਸੇ ਜਾਂਦੇ ਹਨ ਅਤੇ ਪਾਕਿ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਉਨ੍ਹਾਂ ਪੱਤਰ ਵਿਚ ਜਾਣਕਾਰੀ ਦਿੱਤੀ ਕਿ 2010 ਵਿਚ ਪੇਸ਼ਾਵਰ ਦੇ ਰਹਿਣ ਵਾਲੇ ਜਸਪਾਲ ਸਿੰਘ ਨੂੰ ਅਗਵਾ ਕਰ ਕੇ ਸਿਰ ਕਲਮ ਕਰ ਦਿੱਤਾ ਗਿਆ ਸੀ। 2016 ’ਚ ਖੈਬਰ ਪਖਤੂਨਖਵਾ ਤੋਂ ਸੂਬਾਈ ਅਸੈਂਬਲੀ ਦੇ ਮੈਂਬਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਸਵਰਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ 2018 ਵਿਚ ਪੇਸ਼ਾਵਰ ਦੇ ਇਕ ਸਥਾਨਕ ਸਿੱਖ ਆਗੂ ਚਰਨਜੀਤ ਸਿੰਘ ਸਾਗਰ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਸਾਲ ਪੇਸ਼ਾਵਰ ਵਿੱਚ ਉੱਘੇ ਸਿੱਖ ਹਕੀਮ ਸਤਨਾਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਗਵਾ, ਜਬਰੀ ਵਸੂਲੀ, ਘੱਟ ਗਿਣਤੀਆਂ ਦੇ ਸਰਕਾਰੀ ਸਪਾਂਸਰ ਕੀਤੇ ਕਤਲਾਂ ਤੋਂ ਲੈ ਕੇ ਨੌਜਵਾਨ ਹਿੰਦੂ ਅਤੇ ਸਿੱਖ ਲੜਕੀਆਂ ਦੇ ਜ਼ਬਰਦਸਤੀ ਇਸਲਾਮ ਵਿਚ ਧਰਮ ਤਬਦੀਲੀ ਤੱਕ, ਇਹ ਅੱਤਿਆਚਾਰ ਬਹੁਤ ਚਿੰਤਾ ਦਾ ਵਿਸ਼ਾ ਹਨ। ਇਹ ਰਿਪੋਰਟਾਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਆਬਾਦੀ ਬਾਰੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਪਾਲਣਾ ਦੀ ਘਾਟ ਨੂੰ ਦਰਸਾਉਂਦੀਆਂ ਹਨ। ਖੈਬਰ ਪਖਤੂਨਖਵਾ, ਪੰਜਾਬ ਅਤੇ ਸਿੰਧ ਪ੍ਰਾਂਤ ਵਿੱਚ ਰਹਿਣ ਵਾਲੀਆਂ ਬਹੁਤ ਸਾਰੀਆਂ ਮੁਟਿਆਰਾਂ ਲਾਪਤਾ ਜਾਂ ਅਗਵਾ ਹੋਈਆਂ ਹਨ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹਨ।
ਇਹ ਵੀ ਪੜ੍ਹੋ : ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਤੇ ਟਿਊਬਵੈੱਲਾਂ ਦੀ ਵਿਵਸਥਾ ਕਰਾਂਗੀ : ਨਿਮਿਸ਼ਾ ਮਹਿਤਾ
ਫੋਰਮ ਨੇ ਦੱਸਿਆ ਕਿ 2020 ਵਿਚ ਸ੍ਰੀ ਨਨਕਾਣਾ ਸਾਹਿਬ ਵਿਚ ਇਕ ਅਜਿਹੀ ਖ਼ਤਰਨਾਕ ਘਟਨਾ ਵਾਪਰੀ, ਜਿਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਇਕ ਰਾਜ-ਪ੍ਰਯੋਜਿਤ ਭੀੜ ਨੇ ਪਥਰਾਅ ਕੀਤਾ ਅਤੇ ਗੁਰੂ ਨਾਨਕ ਦੇਵ ਦੇ ਜਨਮ ਸਥਾਨ, ਗੁਰਦੁਆਰਾ ਜਨਮ ਸਥਾਨ ’ਤੇ ਹਮਲਾ ਕੀਤਾ ਅਤੇ ਹਿੰਦੂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਵਿਆਪਕ ਤੌਰ ’ਤੇ ਧਮਕੀ ਦਿੱਤੀ। ਇਸ ਇਲਾਕੇ ਵਿਚ ਰਹਿਣ ਵਾਲੇ ਸਿੱਖਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪਏ ਅਤੇ ਉਨ੍ਹਾਂ ਨੇ ਪੂਰੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਖ਼ਾਤਮੇ ਦਾ ਪ੍ਰਚਾਰ ਕੀਤਾ। ਇਹ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਸਪੱਸ਼ਟ ਦੁਰਵਰਤੋਂ ਹੈ। ਇਹ ਖੁੱਲ੍ਹੀ ਹਕੀਕਤ ਹੈ ਕਿ ਦਾਊਦ ਇਬਰਾਹਿਮ ਸਮੇਤ ਕਸ਼ਮੀਰੀ, ਖਾਲਿਸਤਾਨੀ ਅੱਤਵਾਦੀਆਂ ਅਤੇ ਅੰਡਰਵਰਲਡ ਸਿੰਡੀਕੇਟਾਂ ਨੂੰ ਉੱਥੇ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਈ ਗਈ ਹੈ। ਉਥੇ ਹੋ ਰਹੀਆਂ ਘਿਨਾਉਣੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚਣ ਦਾ ਅਨੁਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।