ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਮੁਹਿੰਮ ਦਾ ਜਾਇਜ਼ਾ ਲੈਣ ਭਾਰਤੀ ਟੀਮ ਗਈ ਕਾਬੁਲ

Thursday, Jun 02, 2022 - 04:11 PM (IST)

ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਮੁਹਿੰਮ ਦਾ ਜਾਇਜ਼ਾ ਲੈਣ ਭਾਰਤੀ ਟੀਮ ਗਈ ਕਾਬੁਲ

ਨਵੀਂ ਦਿੱਲੀ (ਭਾਸ਼ਾ) : ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤ ਮੁਹਿੰਮ ਤੇ ਸਪਲਾਈ ਦਾ ਜਾਇਜ਼ਾ ਲੈਣ ਲਈ ਭਾਰਤ ਤੋਂ ਵਿਦੇਸ਼ ਮੰਤਰਾਲੇ ਦੇ ਸੀਨੀਅਰ ਡਿਪਲੋਮੈਟ ਦੀ ਅਗਵਾਈ ’ਚ ਇਕ ਟੀਮ ਕਾਬੁਲ ਗਈ ਹੈ, ਜੋ ਉਥੇ ਸੱਤਾਧਾਰੀ ਤਾਲਿਬਾਨ ਦੇ ਸੀਨੀਅਰ ਮੈਂਬਰਾਂ ਨਾਲ ਭਾਰਤ ਵੱਲੋਂ ਭੇਜੀ ਗਈ ਸਹਾਇਤਾ ਬਾਰੇ ਚਰਚਾ ਕਰੇਗੀ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਦਿੱਤੀ ਗਈ। ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਭਾਰਤ ਵੱਲੋਂ ਉਸ ਦੇਸ਼ ’ਚ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ। ਇਸ ਟੀਮ ਦੀ ਅਗਵਾਈ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ (ਪੀ. ਏ. ਆਈ.) ਲਈ ਸੀਨੀਅਰ ਡਿਪਲੋਮੈਟ ਜੇ. ਪੀ. ਸਿੰਘ ਕਰ ਰਹੇ ਹਨ। ਬਿਆਨ ਮੁਤਾਬਕ, ‘‘ਵਿਦੇਸ਼ ਮੰਤਰਾਲੇ ’ਚ ਸੰਯੁਕਤ ਸਕੱਤਰ (ਪੀ. ਏ. ਆਈ.) ਦੀ ਅਗਵਾਈ ’ਚ ਅਧਿਕਾਰੀਆਂ ਦੀ ਇਕ ਟੀਮ ਅਫ਼ਗਾਨਿਸਤਾਨ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਇਹ ਟੀਮ ਮਨੁੱਖਤਾਵਾਦੀ ਸਹਾਇਤਾ ’ਚ ਸ਼ਾਮਲ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕਰੇਗੀ ਅਤੇ ਸੰਭਵ ਤੌਰ ’ਤੇ ਉਨ੍ਹਾਂ ਥਾਵਾਂ ਦਾ ਦੌਰਾ ਵੀ ਕਰੇਗੀ, ਜਿੱਥੇ ਭਾਰਤੀ ਪ੍ਰੋਗਰਾਮ ਜਾਂ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ।

ਮੰਤਰਾਲੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਨੇ ਹੁਣ ਤੱਕ 20 ਹਜ਼ਾਰ ਮੀਟ੍ਰਿਕ ਟਨ ਕਣਕ, 13 ਟਨ ਦਵਾਈ, ਕੋਵਿਡ ਵਿਰੋਧੀ ਟੀਕੇ ਦੀਆਂ ਪੰਜ ਲੱਖ ਖੁਰਾਕਾਂ, ਗਰਮ ਕੱਪੜੇ ਆਦਿ ਭੇਜੇ ਹਨ। ਇਹ ਸਮੱਗਰੀ ਕਾਬੁਲ ’ਚ ਇੰਦਰਾ ਗਾਂਧੀ ਚਿਲਡ੍ਰਨ ਹਸਪਤਾਲ, ਡਬਲਯੂ. ਐੱਚ. ਓ., ਡਬਲਯੂ. ਈ. ਪੀ. ਨੂੰ ਸੌਂਪੀ ਗਈ ਹੈ। ਮੰਤਰਾਲੇ ਨੇ ਕਿਹਾ, ‘‘ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਸਾਡੀ ਵਿਕਾਸ ਸਾਂਝੇਦਾਰੀ ਨੂੰ ਜਾਰੀ ਰੱਖਦਿਆਂ ਭਾਰਤ ’ਚ ਬਣੀਆਂ ਕੋਵੈਕਸੀਨ ਦੀਆਂ 10 ਲੱਖ ਖੁਰਾਕਾਂ ਈਰਾਨ ਨੂੰ ਦਿੱਤੀਆਂ ਤਾਂ ਕਿ ਈਰਾਨ ’ਚ ਰਹਿ ਰਹੇ ਅਫ਼ਗਾਨ ਸ਼ਰਨਾਰਥੀਆਂ ਨੂੰ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਵਿਚ ਕਿਹਾ ਗਿਆ ਹੈ ਕਿ ਯੂਨੀਸੈੱਫ ਨੂੰ ਸਹਾਇਤਾ ਪ੍ਰਦਾਨ ਕਰਦਿਆਂ ਪੋਲੀਓ ਟੀਕੇ ਦੀਆਂ ਛੇ ਕਰੋੜ ਖੁਰਾਕਾਂ ਤੇ ਦੋ ਟਨ ਜ਼ਰੂਰੀ ਦਵਾਈਆਂ ਦੀ ਸਪਲਾਈ ਕੀਤੀ ਹੈ।’’ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਦੇ ਵਿਕਾਸ ਤੇ ਮਨੁੱਖੀ ਸਹਾਇਤਾ ਦੀ ਅਫਗਾਨਿਸਤਾਨ ਦੇ ਪੂਰੇ ਸਮਾਜ ’ਚ ਬਹੁਤ ਸ਼ਲਾਘਾ ਹੋ ਰਹੀ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਦਾ ਅਫ਼ਗਾਨਿਸਤਾਨ ਦੇ ਲੋਕਾਂ ਦੇ ਨਾਲ ਇਤਿਹਾਸਕ ਅਤੇ ਸੱਭਿਅਤਾ ਨਾਲ ਜੁੜੇ ਸਬੰਧ ਹਨ ਅਤੇ ਇਹ ਲੰਬੇ ਸਮੇਂ ਦੇ ਸੰਪਰਕ ਸਾਡੇ ਰੁਖ਼ ਦਾ ਮਾਰਗਦਰਸ਼ਨ ਕਰਨਗੇ।
 


author

Manoj

Content Editor

Related News