ਕੋਰੋਨਾ ਕਾਰਣ ਵਿਦੇਸ਼ਾਂ ’ਚ ਭਾਰਤੀ ਵਿਦਿਆਰਥੀ ‘ਚੌਰਸਤੇ’ ਉੱਤੇ

Monday, Mar 30, 2020 - 10:29 PM (IST)

ਕੋਰੋਨਾ ਕਾਰਣ ਵਿਦੇਸ਼ਾਂ ’ਚ ਭਾਰਤੀ ਵਿਦਿਆਰਥੀ ‘ਚੌਰਸਤੇ’ ਉੱਤੇ

ਨਵੀਂ ਦਿੱਲੀ–  ਕੋਰੋਨਾ ਵਾਇਰਸ ਦਰਮਿਆਨ ਵਿਦੇਸ਼ਾਂ ’ਚ ਫਸੇ ਲੱਖਾਂ ਭਾਰਤੀ ਵਿਦਿਆਰਥੀ ਇਸ ਸਮੇਂ ‘ਚੌਰਸਤੇ’ ਵਿਚ ਆ ਖੜ੍ਹੇ ਹੋਏ ਹਨ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕਿਸ ਪਾਸੇ ਜਾਣ? ਵਿਦੇਸ਼ੀ ਯੂਨੀਵਰਿਸਟੀਆਂ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਿਰਾਇਆ ਅਤੇ ਆਨਲਾਈਨ ਕੋਰਸਾਂ ਦੀ ਮਹਿੰਗੀ ਫੀਸ ਨਾ ਦੇ ਸਕਣ ਕਾਰਣ ਉਨ੍ਹਾਂ ਦੀ ਟੈਨਸ਼ਨ ਵਧਦੀ ਜਾ ਰਹੀ ਹੈ। ਭਾਰਤ ’ਚ ਉਨ੍ਹਾਂ ਦੇ ਮਾਤਾ-ਪਿਤਾ ਚਿੰਤਤ ਹਨ ਅਤੇ ਘਰ ’ਚ ਇਕੱਲਾਪਨ ਹੈ। ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਕਾਰਣ ਵਿਦੇਸ਼ਾਂ ’ਚ ਰਹਿਣ ਵਾਲੇ ਵਿਦਿਆਰਥੀ ਮੌਜੂਦਾ ਸਮੇਂ ’ਚ ਅਜਿਹੀਆਂ ਹੀ ਮੁਸ਼ਕਲਾਂ ’ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਲਈ ਜ਼ਿੰਦਗੀ ਦੇ ਇਹ ਪਲ ਬੇਹੱਦ ਤਣਾਅਪੂਰਨ ਹਨ। ਉਨ੍ਹਾਂ ਵਿਦਿਆਰਥੀਆਂ ਕੋਲ ਇਸ ਸਮੇਂ ਕੋਈ ਪਾਰਟ ਟਾਈਮ ਜੌਬ ਵੀ ਨਹੀਂ ਹੈ ਜਿਸ ਨਾਲ ਕਿ ਉਹ ਆਪਣਾ ਖਰਚਾ ਚਲਾ ਸਕਣ।
19 ਸਾਲਾ ਅੰਡਰਗ੍ਰੈਜੂਏਟ ਵਿਦਿਆਰਥੀ ਕੁਨਾਲ ਮੈਨਚੈਸਟਰ ਯੂਨੀਵਰਸਿਟੀ ਕਿੰਗਡਮ ’ਚ ਪੜ੍ਹਾਈ ਕਰ ਰਿਹਾ ਹੈ। ਉਸ ਨੇ ਮੈਕਡਾਨਲਡਸ ’ਚ ਆਪਣੀ ਨੌਕਰੀ ਗੁਆ ਲਈ ਹੈ। ਉਸ ਦੇ ਪਿਤਾ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਹਨ। ਉਹ ਮਹਾਰਾਸ਼ਟਰ ਦੇ ਰਾਲੇਗਾਓਂ ’ਚ ਇਕ ਕਾਰੋਬਾਰੀ ਹਨ ਪਰ ਹੁਣ ਭਾਰਤ ’ਚ ਲਾਕਡਾਊਨ ਕਾਰਣ ਪੈਸਾ ਕਮਾਉਣ ’ਚ ਅਸਮਰਥ ਹਨ।
ਕੁਨਾਲ ਮੁਤਾਬਕ ਟਿਊਸ਼ਨ ਫੀਸ ਅਤੇ ਰਿਹਾਇਸ਼ ਦਾ ਖਰਚਾ ਉਸ ਦਾ ਪਹਿਲਾਂ ਹੀ ਮੁਸ਼ਕਲ ਨਾਲ ਹੋ ਰਿਹਾ ਸੀ ਪਰ ਹੁਣ ਇਹ ਹੋਰ ਵੀ ਮੁਸ਼ਕਲ ਹੋ ਗਿਆ ਹੈ। ਉਸ ਨੇ ਕਿਹਾ ਕਿ ਉਹ ਗਰਮੀਆਂ ’ਚ ਬ੍ਰਿਟੇਨ ’ਚ ਜਾਰੀ ਲਾਕਡਾਊਨ ਕਾਰਣ ਕੰਮ ਨਹੀਂ ਕਰ ਸਕੇਗਾ। ਕੋਵਿੰਡ-19 ਕਾਰਣ ਇਥੇ ਰਹਿਣਾ ਤਣਾਅਪੂਰਨ ਹੈ। ਕੁਨਾਲ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਖਬਰ ਆਉਣ ਤੋਂ ਬਾਅਦ ਹੁਣ ਉਹ ਬਾਹਰ ਜਾਣ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਤੋਂ ਵੀ ਡਰ ਰਿਹਾ ਹੈ। ਕੋਵੈਂਟਰੀ ’ਚ ਰਹਿਣ ਵਾਲੇ 25 ਸਾਲਾ ਵਿਦਿਆਰਥੀ ਸੀਨ ਡਿਸੂਜ਼ਾ ਜੋ ਮਾਸਟਰਸ ਕਰ ਰਿਹਾ ਹੈ, ਨੇ ਕਿਹਾ ਕਿ ਕਈ ਵਟਸਐੱਪ ਗਰੁੱਪਾਂ ਨੇ ਵਿਦਿਆਰਥੀਆਂ ਨੂੰ ਦੇਸ਼ ਛੱਡਣ ’ਚ ਮਦਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਕਾਰਣ ਉਹ ਦੁਚਿੱਤੀ ’ਚ ਪੈ ਗਏ ਹਨ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਅਤੇ ਅਸਾਈਨਮੈਂਟ ਨਾਲ ਵੀ ਨਜਿੱਠਣਾ ਪੈਂਦਾ ਸੀ ਜਦਕਿ ਇਸ ਸਮੇਂ ਉਹ ਦੋਸਤਾਂ ਅਤੇ ਪਰਿਵਾਰਾਂ ਨਾਲੋਂ ਟੁੱਟ ਗਏ ਹਨ। ਡਿਸੂਜ਼ਾ ਦੀ ਇਕ ਭੈਣ ਵੀ ਹੈ ਜੋ ਲੀਡਸ ’ਚ ਪੜ੍ਹਦੀ ਹੈ। ਉਹ ਕਹਿੰਦੀ ਹੈ ਕਿ ਇਥੇ ਹਾਲਾਤ ਬਦਤਰ ਹੋ ਗਏ ਹਨ ਕਿਉਂਕਿ ਕਿਰਾਏ ’ਚ ਵਾਧਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਦੋਵੇਂ ਭਰਾ-ਭੈਣ ਪਹਿਲੀ ਵਾਰ ਪਰਿਵਾਰ ਤੋਂ ਦੂਰ ਆਏ ਹਾਂ। ਸਾਡੇ ਮਾਤਾ-ਪਿਤਾ ਚਿੰਤਤ ਹਨ।
ਆਸਟ੍ਰੇਲੀਆ ਦੇ ਮੈਲਬੋਰਨ ਦੇ ਇਕ ਪੋਸਟ ਗ੍ਰੈਜੂਏਟ ਸਟੂਡੈਂਟ ਨੇ ਕਿਹਾ ਕਿ ਉਹ ਆਪਣੀ ਨੌਕਰੀ ਗੁਆ ਚੁੱਕੀ ਹੈ। ਕਲਾਸਾਂ ਅਤੇ ਅਸਾਈਨਮੈਂਟਸ ਹੁਣ ਆਨਲਾਈਨ ਹੋ ਗਈ ਹੈ। ਅਜਿਹੇ ’ਚ ਵਿਦਿਆਰਥੀ ਹੁਣ ਯੂਨੀਵਰਸਿਟੀ ਤੋਂ ਆਪਣੀ ਫੀਸ ਵਾਪਸ ਲੈਣ ਦੀ ਫਰਿਆਦ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਸਾਹਮਣੇ ਖਾਣ-ਪੀਣ ਦੀ ਸਮੱਸਿਆ ਵੀ ਖੜ੍ਹੀ ਹੋ ਗਈ ਹੈ। ਉਹ ਭਾਰਤੀ ਦੂਤਘਰ ਤੋਂ ਵੀ ਮਦਦ ਮੰਗ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਨਿਕਲਿਆ।

PunjabKesari
2018-19 ’ਚ 6 ਲੱਖ 20 ਹਜ਼ਾਰ ਵਿਦਿਆਰਥੀ ਗਏ ਵਿਦੇਸ਼
ਮਨੁੱਖੀ ਸੋਮਾ ਵਿਕਾਸ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2018-19 ’ਚ 6 ਲੱਖ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਵਿਦੇਸ਼ ਗਏ। ਕੁਝ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਆਪਣੇ ਮਾਤਾ-ਪਿਤਾ ਤੋਂ ਪੈਸੇ ਲੈਣ ’ਚ ਵੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੇ ਕਦੇ ਨੈੱਟਬੈਂਕਿੰਗ ਦੀ ਵਰਤੋਂ ਨਹੀਂ ਕੀਤੀ। ਉਹ ਸਿਰਫ ਵੈਸਟਰਨ ਯੂਨੀਅਨ ’ਤੇ ਨਿਰਭਰ ਸਨ। ਭਾਰਤ ’ਚ ਬੈਂਕ ਦੀਆਂ ਬ੍ਰਾਂਚਾਂ ਬੰਦ ਹਨ। ਇਸ ਲਈ ਵਿਦਿਆਰਥੀਆਂ ਨੂੰ ਹੁਣ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਨੀਆ ਭਰ ਦੇ ਅਰਬਾਂ ਵਿਦਿਆਰਥੀ ਪ੍ਰਭਾਵਿਤ
ਕੋਰੋਨਾ ਵਾਇਰਸ ਨਾਲ ਦੁਨੀਆ ਭਰ ’ਚ ਬੱਚਿਆਂ ਦੀ ਸਿੱਖਿਆ ’ਤੇ ਅਸਰ ਪੈ ਰਿਹਾ ਅਤੇ ਡੇਢ ਅਰਬ ਤੋਂ ਜ਼ਿਆਦਾ ਵਿਦਿਆਰਥੀ ਸਕੂਲ ਅਤੇ ਯੂਨੀਵਰਿਸਟੀਆਂ ਜਾਣ ’ਚ ਅਸਮਰਥ ਹਨ। ਯੂਨੋਸਕੋ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ 160 ਤੋਂ ਜ਼ਿਆਦਾ ਦੇਸ਼ਾਂ ਨੇ ਆਪਣੇ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਗਿਣਤੀ ਦਾ 87 ਫੀਸਦੀ ਹਿੱਸਾ ਪ੍ਰਭਾਵਿਤ ਹੋਇਆ ਹੈ।


author

Gurdeep Singh

Content Editor

Related News