ਭਾਰਤੀ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਬਣਾਈ ਆਯੂਰਵੈਦਿਕ ਦਵਾਈ

Tuesday, Apr 17, 2018 - 05:18 PM (IST)

ਨਵੀਂ ਦਿੱਲੀ— ਭਾਰਤੀ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਇਕ ਆਯੂਰਵੈਦਿਕ ਦਵਾਈ ਵਿਕਸਿਤ ਕੀਤੀ ਹੈ। ਇਨ੍ਹਾਂ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਬੀਮਾਰੀ ਨਾਲ ਸੰਬੰਧਤ ਆਪਣੇ ਤਰ੍ਹਾਂ ਦੀ ਇਹ ਪਹਿਲੀ ਦਵਾਈ ਹੈ। ਅਗਲੇ ਸਾਲ ਤੋਂ ਇਹ ਦਵਾਈ ਬਾਜ਼ਾਰ 'ਚ ਮਰੀਜ਼ਾਂ ਲਈ ਉਪਲੱਬਧ ਹੋ ਜਾਵੇਗੀ। ਆਯੂਸ਼ ਮੰਤਰਾਲੇ ਦੇ ਅਧੀਨ ਆਉਣ ਵਾਲੇ ਆਟੋਨੋਮਸ ਇਕਾਈ ਕੇਂਦਰੀ ਆਯੂਰਵੈਦਿਕ ਵਿਗਿਆਨ ਖੋਜ ਪ੍ਰੀਸ਼ਦ (ਸੀ.ਸੀ.ਆਰ.ਏ.ਐੱਸ.) ਅਤੇ ਕਰਨਾਟਕ ਦੇ ਬੇਲਗਾਓਂ ਦੇ ਖੇਤਰੀ ਖੋਜ ਕੇਂਦਰ ਆਈ.ਸੀ.ਐੱਮ.ਆਰ. ਨੇ ਪਾਇਲਟ ਅਧਿਐਨ ਕਰ ਲਿਆ ਹੈ, ਜਿਸ ਨੇ ਇਸ ਦੀ ਡਾਕਟਰੀ ਸੁਰੱਖਿਆ ਅਤੇ ਪ੍ਰਭਾਵ ਨੂੰ ਸਾਬਤ ਕੀਤਾ ਹੈ। ਸੀ.ਸੀ.ਆਰ.ਏ.ਐੱਸ. ਦੇ ਜਨਰਲ ਡਾਇਰੈਕਟਰ ਪ੍ਰੋਫੈਸਰ ਵੈਧ ਕੇ. ਐੱਸ. ਧੀਮਾਨ ਨੇ ਦੱਸਿਆ ਕਿ ਇਹ ਦਵਾਈ 7 ਅਜਿਹੀਆਂ ਜੜ੍ਹੀਆਂ ਬੂਟੀਆਂ ਯੁਕਤ ਸਮੱਗਰੀ ਨਾਲ ਬਣਾਈ ਗਈ ਹੈ, ਜਿਸ ਦਾ ਇਸਤੇਮਾਲ ਆਯੂਰਵੈਦ 'ਚ ਸਦੀਆਂ ਤੋਂ ਹੁੰਦਾ ਆ ਰਿਹਾ ਹੈ।
ਧੀਮਾਨ ਨੇ ਦੱਸਿਆ ਕਿ ਟਰੋਪੀਕਲ ਦੇਸ਼ਾਂ 'ਚ ਡੇਂਗੂ ਇਕ ਵੱਡੀ ਸਿਹਤ ਸਮੱਸਿਆ ਦੇ ਰੂਪ 'ਚ ਉੱਭਰਿਆ ਹੈ। ਭਿਆਨਕ ਅਤੇ ਸੀਮਿਤ ਰੂਪ ਨਾਲ ਰਵਾਇਤੀ ਇਲਾਜ ਹੋਣ ਕਾਰਨ ਸਰਕਾਰ ਅਤੇ ਸਾਰੀਆਂ ਸਿਹਤ ਏਜੰਸੀਆਂ ਦਾ ਧਿਆਨ ਇਸ ਰੋਗ ਨੇ ਆਪਣੇ ਵੱਲ ਖਿੱਚਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਦਵਾਈ ਦੇ ਨਿਰਮਾਣ ਦੀ ਸ਼ੁਰੂਆਤ ਸਾਲ 2015 'ਚ ਹੋਈ ਸੀ ਅਤੇ ਇਸ ਦੇ ਸ਼ੁਰੂਆਤੀ ਅਧਿਐਨ ਮੇਦਾਂਤਾ ਹਸਪਤਾਲ, ਗੁੜਗਾਓਂ ਅਤੇ ਡਾਕਟਰੀ ਰੂਪ ਨਾਲ ਇਸ ਦੇ ਸੁਰੱਖਿਅਤ ਹੋਣ ਦਾ ਅਧਿਐਨ ਬੇਲਗਾਓਂ ਅਤੇ ਕੋਲਾਰ 'ਚ ਕੀਤਾ ਗਿਆ। ਇਸ ਦਵਾਈ ਦਾ ਨਿਰਮਾਣ ਪਿਛਲੇ ਸਾਲ ਜੂਨ 'ਚ ਹੋ ਗਿਆ ਸੀ।


Related News