ਭਾਰਤੀ ਨੇਵੀ ਨੇ ਦੱਖਣੀ ਚੀਨ ਸਾਗਰ ਵਿਚ ਤਾਇਨਾਤ ਕੀਤਾ ਜੰਗੀ ਬੇੜਾ
Sunday, Aug 30, 2020 - 07:01 PM (IST)
ਨਵੀਂ ਦਿੱਲੀ (ਏਜੰਸੀ)- ਪੂਰਬੀ ਲੱਦਾਖ ਵਿਚ 15 ਜੂਨ ਨੂੰ ਗਲਵਾਨ ਘਾਟੀ ਤੋਂ ਟਕਰਾਅ ਤੋਂ ਬਾਅਦ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਭਾਰਤੀ ਨੇਵੀ ਨੇ ਦੱਖਣੀ ਚੀਨ ਸਾਗਰ ਵਿਚ ਆਪਣੇ ਮੋਹਰੀ ਜੰਗੀ ਬੇੜੇ ਨੂੰ ਤਾਇਨਾਤ ਕਰ ਦਿੱਤਾ ਹੈ। ਦੋਹਾਂ ਧਿਰਾਂ ਵਿਚਾਲੇ ਵਾਰਤਾ ਦੌਰਾਨ ਚੀਨ ਨੇ ਇਸ ਕਦਮ 'ਤੇ ਇਤਰਾਜ਼ ਦਰਜ ਕਰਾਇਆ ਹੈ। ਚੀਨੀ ਇਸ ਖੇਤਰ ਵਿਚ ਭਾਰਤੀ ਨੇਵੀ ਦੇ ਬੇੜਿਆਂ ਦੀ ਮੌਜੂਦਗੀ 'ਤੇ ਇਤਰਾਜ਼ ਜਤਾਉਂਦਾ ਰਿਹਾ ਹੈ, ਜਿੱਥੇ ਉਸ ਨੇ ਬਣਾਉਟੀ ਟਾਪੂਆਂ ਅਤੇ ਫੌਜੀ ਮੌਜੂਦਗੀ ਰਾਹੀਂ 2009 ਤੋਂ ਹੁਣ ਤੱਕ ਆਪਣੀ ਮੌਜੂਦਗੀ ਵਿਚ ਕਾਫੀ ਵਿਸਥਾਰ ਕੀਤਾ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ (ਗਲਵਾਨ ਸੰਘਰਸ਼ ਜਿਸ ਵਿਚ ਸਾਡੇ 20 ਫੌਜੀ ਮਾਰੇ ਗਏ ਸਨ) ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਭਾਰਤੀ ਨੇਵੀ ਨੇ ਆਪਣੇ ਮੋਰਚੇ ਦੇ ਇਕ ਜੰਗੀ ਬੇੜੇ ਨੂੰ ਦੱਖਣੀ ਚੀਨ ਸਾਗਰ ਵਿਚ ਤਾਇਨਾਤ ਕਰ ਦਿੱਤਾ ਸੀ, ਜਿੱਥੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਨੇਵੀ ਸਮੁੰਦਰ ਦੇ ਜ਼ਿਆਦਾਤਰ ਹਿੱਸੇ 'ਤੇ ਆਪਣਾ ਅਧਿਕਾਰ ਹੋਣ ਦਾ ਦਾਅਵਾ ਕਰਦੀ ਹੈ ਅਤੇ ਕਿਸੇ ਵੀ ਹੋਰ ਫੌਜ ਦੀ ਇਸ ਖੇਤਰ ਦੇ ਹਿੱਸੇ ਵਿਚ ਮੌਜੂਦਗੀ 'ਤੇ ਇਤਰਾਜ਼ ਜਤਾਉਂਦੀ ਹੈ।
ਸੂਤਰਾਂ ਨੇ ਦੱਸਿਆ ਕਿ ਦੱਖਣੀ ਚੀਨ ਸਾਗਰ ਵਿਚ ਭਾਰਤੀ ਨੇਵੀ ਦੇ ਜੰਗੀ ਬੇੜੇ ਦੀ ਤੁਰੰਤ ਤਾਇਨਾਤੀ ਦਾ ਚੀਨੀ ਫੌਜ ਅਤੇ ਸੁਰੱਖਿਆ ਸਥਾਪਨਾ 'ਤੇ ਲੋੜੀਂਦਾ ਪ੍ਰਭਾਵ ਪਿਆ ਕਿਉਂਕਿ ਉਨ੍ਹਾਂ ਨੇ ਭਾਰਤੀ ਧਿਰ ਦੇ ਨਾਲ ਰਾਜਨੀਤਕ ਪੱਧਰ ਦੀ ਵਾਰਤਾ ਦੌਰਾਨ ਭਾਰਤੀ ਜੰਗੀ ਬੇੜੇ ਦੀ ਮੌਜੂਦਗੀ ਬਾਰੇ ਸ਼ਿਕਾਇਤ ਕੀਤੀ। ਸੂਤਰਾਂ ਨੇ ਦੱਸਿਆ ਕਿ ਦੱਖਣੀ ਚੀਨ ਸਾਗਰ ਵਿਚ ਤਾਇਨਾਤੀ ਦੌਰਾਨ ਜਿੱਥੇ ਅਮਰੀਕੀ ਨੇਵੀ ਨੇ ਵੀ ਆਪਣੇ ਫ੍ਰਿਜੇਟ ਤਾਇਨਾਤ ਕੀਤੇ ਸਨ।
ਭਾਰਤੀ ਜੰਗੀ ਬੇੜੇ ਲਗਾਤਾਰ ਆਪਣੇ ਅਮਰੀਕੀ ਹਮਰੁਤਬਿਆਂ ਨਾਲ ਸੁਰੱਖਿਅਤ ਸੰਚਾਰ ਪ੍ਰਣਾਲੀ ਨੂੰ ਲੈ ਕੇ ਸੰਪਰਕ ਬਣਾਏ ਹੋਏ ਸਨ। ਨਿਯਮਿਤ ਅਭਿਆਸ ਦੇ ਤੌਰ 'ਤੇ ਭਾਰਤੀ ਜੰਗੀ ਬੇੜੇ ਨੂੰ ਲਗਾਤਾਰ ਹੋਰ ਦੇਸ਼ਾਂ ਦੇ ਫੌਜੀ ਜਹਾਜ਼ਾਂ ਦੀ ਆਵਾਜਾਈ ਦੀ ਸਥਿਤੀ ਬਾਰੇ ਅਪਡੇਟ ਕੀਤਾ ਜਾ ਰਿਹਾ ਸੀ, ਉਨ੍ਹਾਂ ਨੇ ਕਿਹਾ ਕਿ ਨੇਵੀ ਦੀਆਂ ਗਤੀਵਿਧੀਆਂ 'ਤੇ ਕਿਸੇ ਵੀ ਜਨਤਕ ਨਿਗਾਹ ਤੋਂ ਬਚਣ ਲਈ ਪੂਰੇ ਮਿਸ਼ਨ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ।