ਸਿੰਗਾਪੁਰ : ਸੜਕ ਹਾਦਸੇ ਵਿਚ ਇਕ ਭਾਰਤੀ ਮਜ਼ਦੂਰ ਦੀ ਮੌਤ

Monday, Apr 27, 2020 - 06:09 PM (IST)

ਸਿੰਗਾਪੁਰ : ਸੜਕ ਹਾਦਸੇ ਵਿਚ ਇਕ ਭਾਰਤੀ ਮਜ਼ਦੂਰ ਦੀ ਮੌਤ

ਸਿੰਗਾਪੁਰ- ਇੱਥੇ ਇਕ ਸੜਕ ਹਾਦਸੇ ਵਿਚ 33 ਸਾਲਾ ਇਕ ਭਾਰਤੀ ਮਜ਼ਦੂਰ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦਾ ਮੋਟਰ ਸਾਈਕਲ ਕਾਬੂ ਤੋਂ ਬਾਹਰ ਹੋ ਕੇ ਇਕ ਕਾਰ ਨਾਲ ਟਕਰਾ ਗਿਆ ਸੀ। ਪੁਲਸ ਮੁਤਾਬਕ ਭਾਰਤੀ ਵਿਅਕਤੀ ਦੀ ਪਛਾਣ ਤਾਮਿਲਨਾਡੂ ਦੇ ਸੁਲਤਾਨ ਅਬਦੁਲ ਕਾਤਰ ਰਹਿਮਾਨ ਕਰੀਮ ਵਜੋਂ ਹੋਈ ਹੈ ਜਦੋਂ ਕਿ ਦੂਜੇ ਦੀ ਪਛਾਣ ਮਲੇਸ਼ੀਆ ਦੇ ਐੱਮ. ਆਰ. ਮੁਹੰਮਦ ਫਾਰੂਕ ਵਜੋਂ ਹੋਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਦਿ ਸਟ੍ਰੇਟਸ ਟਾਈਮਜ਼ ਦੀ ਖਬਰ ਮੁਤਾਬਕ ਇਹ ਦੁਰਘਟਨਾ ਸ਼ਨੀਵਾਰ ਨੂੰ ਵਾਪਰੀ। ਕਿਹਾ ਜਾ ਰਿਹਾ ਹੈ ਕਿ ਕਾਰ ਚਲਾ ਰਹੇ ਵਿਅਕਤੀ ਨੇ ਅਚਾਨਕ ਗੱਡੀ ਮੋੜ ਲਈ, ਜਿਸ ਕਾਰਨ ਹਾਦਸਾ ਵਾਪਰਿਆ। ਦੋਵੇਂ ਰਾਤ ਸਮੇਂ ਏਅਰਪੋਰਟ ਰੋਡ ਤੋਂ ਲੰਘ ਰਹੇ ਸਨ। ਖਬਰ ਮੁਤਾਬਕ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਇਹ ਦੋਵੇਂ ਇਕ ਭਾਰਤੀ ਰੈਸਟੋਰੈਂਟ ਵਿਚ ਕੰਮ ਕਰਦੇ ਸਨ ਤੇ ਉੱਥੇ ਹੀ ਜਾ ਰਹੇ ਸਨ। ਕਾਰ ਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨੌਜਵਾਨ ਚਾਰ ਸਾਲਾਂ ਤੋਂ ਸਿੰਗਾਪੁਰ ਵਿਚ ਕੰਮ ਕਰ ਰਿਹਾ ਸੀ ਤੇ ਉਹ ਹੀ ਆਪਣੇ ਪਰਿਵਾਰ ਨੂੰ ਪਾਲਦਾ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਸਾਲਾ ਬੱਚੀ ਅਤੇ ਮਾਂ-ਬਾਪ ਨੂੰ ਛੱਡ ਗਿਆ ਹੈ। 


author

Lalita Mam

Content Editor

Related News