ਭਾਰਤੀ ਬਲ ਕਿਸੇ ਵੀ ਚੁਣੌਤੀ ਨਾਲ ਨਜਿੱਠਣ ''ਚ ਸਮਰੱਥ : ਜੇਤਲੀ
Thursday, Aug 10, 2017 - 01:30 AM (IST)
ਨਵੀਂ ਦਿੱਲੀ—ਸਰਹੱਦ 'ਤੇ ਚੀਨ ਨਾਲ ਅੜਿੱਕੇ ਦਰਮਿਆਨ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ 'ਚ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਦੇਸ਼ ਦੀ ਸੁਰੱਖਿਆ ਦੇ ਸਾਹਮਣੇ ਪੈਦਾ ਹੋਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ 'ਚ ਸਮਰੱਥ ਹਨ।
ਉਨ੍ਹਾਂ ਨੇ ਦਰਸਾਇਆ ਕਿ 1962 ਦੀ ਜੰਗ ਤੋਂ ਸਬਕ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ 1948 ਵਿਚ ਕਬਜ਼ੇ 'ਚ ਲਏ ਗਏ ਹਿੱਸਿਆਂ ਨੂੰ ਵਾਪਸ ਲੈਣ ਦੀ ਦੇਸ਼ ਦੇ ਲੋਕਾਂ 'ਚ ਪ੍ਰਚੰਡ ਇੱਛਾ ਹੈ। ਮਹਾਤਮਾ ਗਾਂਧੀ ਵਲੋਂ 1942 'ਚ ਸ਼ੁਰੂ ਕੀਤੇ ਗਏ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਵਿਸ਼ੇਸ਼ ਚਰਚਾ ਵਿਚ ਜੇਤਲੀ ਨੇ ਕਿਹਾ ਕਿ ਇਨ੍ਹਾਂ ਦਹਾਕਿਆਂ ਵਿਚ ਭਾਰਤ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋਈਆਂ ਪਰ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਹਰ ਚੁਣੌਤੀ ਨਾਲ ਦੇਸ਼ ਮਜ਼ਬੂਤ ਹੁੰਦਾ ਗਿਆ।
ਉਨ੍ਹਾਂ ਕਿਹਾ ਕਿ ਭਾਰਤ ਨੇ ਚੀਨ ਨਾਲ 1962 ਦੀ ਜੰਗ ਤੋਂ ਇਹ ਸਬਕ ਸਿੱਖਿਆ ਕਿ ਸਾਨੂੰ ਆਪਣੇ ਹਥਿਆਰਬੰਦ ਬਲਾਂ ਨੂੰ ਮੁਕੰਮਲ ਸਮਰੱਥ ਬਣਾਉਣਾ ਹੋਵੇਗਾ ਕਿਉਂਕਿ ਅੱਜ ਵੀ ਸਾਡੇ ਦੇਸ਼ ਦੇ ਸਾਹਮਣੇ ਸਾਡੇ ਗੁਆਂਢੀ ਦੇਸ਼ਾਂ ਵਲੋਂ ਚੁਣੌਤੀਆਂ ਹਨ। ਜੇਤਲੀ ਨੇ ਕਿਹਾ ਕਿ ਹਥਿਆਰਬੰਦ ਬਲ 1965 ਅਤੇ 1971 (ਭਾਰਤ-ਪਾਕਿ ਜੰਗ) ਦੇ ਘਟਨਾਕ੍ਰਮਾਂ ਤੋਂ ਹੋਰ ਮਜ਼ਬੂਤ ਹੋਏ ਹਨ।
