ਦੇਸ਼ ’ਚ ਆਰਥਿਕ ਮੰਦੀ ਦਿੱਸ ਰਹੀ ਹੈ, BJP ਕੋਲ ਕੋਈ ਜਵਾਬ ਨਹੀਂ: ਰਾਹੁਲ
Monday, Jun 06, 2022 - 03:51 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ’ਚ ਆਰਥਿਕ ਮੰਦੀ ਸਪੱਸ਼ਟ ਰੂਪ ਨਾਲ ਨਜ਼ਰ ਆ ਰਹੀ ਹੈ ਪਰ ‘ਨੀਤੀਗਤ ਦੀਵਾਲੀਆਪਣ ਦੀ ਸ਼ਿਕਾਰ’ ਇਸ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਰਾਹੁਲ ਨੇ ਇਹ ਦਾਅਵਾ ਵੀ ਕੀਤਾ ਕਿ ਦੇਸ਼ ਵਿਚ ਅੱਜ ਪ੍ਰਤੀ ਵਿਅਕਤੀ ਆਮਦਨ ਦੋ ਸਾਲ ਪਹਿਲਾਂ ਦੀ ਤੁਲਨਾ ਵਿਚ ਵੀ ਘੱਟ ਹੋ ਗਈ ਹੈ।
ਰਾਹੁਲ ਨੇ ਫੇਸਬੁੱਕ ਪੋਸਟ ’ਚ ਕਿਹਾ, ‘‘ਭਾਰਤੀ ਪਰਿਵਾਰ ਮਹਿੰਗਾਈ ਅਤੇ ਨੌਕਰੀਆਂ ਜਾਣ ਦੀ ਮਾਰ ਝੱਲ ਰਹੀ ਹੈ। ਅੱਜ ਪ੍ਰਤੀ ਵਿਅਕਤੀ ਆਮਦਨ ਦੋ ਸਾਲ ਪਹਿਲਾਂ ਦੀ ਤੁਲਨਾ ਵਿਚ ਵੀ ਘੱਟ ਗਈ ਹੈ। ਪ੍ਰਤੀ ਵਿਅਕਤੀ ਆਮਦਨ 94,270 ਰੁਪਏ ਤੋਂ ਘੱਟ ਕੇ 91,481 ਰੁਪਏ ਹੋ ਗਈ ਹੈ। ਭਾਰਤ ਦੀ ਆਰਥਿਕ ਮੰਦੀ ਸਾਫ਼ ਨਜ਼ਰ ਆਉਂਦੀ ਹੈ ਪਰ ‘ਨੀਤੀਗਤ ਦੀਵਾਲੀਆਪਣ ਦੀ ਸ਼ਿਕਾਰ’ ਭਾਜਪਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਆਰਥਿਕ ਹਾਲਾਤ ਅੱਗੇ ਹੋਰ ਵੀ ਖਰਾਬ ਹੋਣਗੇ।