ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ; ਭਾਰਤੀ ਦੂਤਘਰ ਦੀ ਸਲਾਹ- ਨਾਗਰਿਕ ਜਲਦ ਕਰਨ ਦੇਸ਼ ਵਾਪਸੀ
Wednesday, Aug 11, 2021 - 04:22 PM (IST)
ਨਵੀਂ ਦਿੱਲੀ— ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਧਦੀ ਹਿੰਸਾ ਵੱਡੀ ਸਿਰਦਰਦੀ ਬਣੀ ਹੋਈ ਹੈ। ਭਾਰਤ ਨੇ ਅਫ਼ਗਾਨਿਸਤਾਨ ’ਚ ਰਹਿਣ ਵਾਲੇ ਆਪਣੇ ਸਾਰੇ ਨਾਗਰਿਕਾਂ ਨੂੰ ਹਵਾਈ ਸੇਵਾਵਾਂ ਬੰਦ ਹੋਣ ਤੋਂ ਪਹਿਲਾਂ ਦੇਸ਼ ਲਈ ਤੁਰੰਤ ਯਾਤਰਾ ਦੀ ਵਿਵਸਥਾ ਕਰਨ ਦੀ ਸਲਾਹ ਦਿੱਤੀ ਹੈ। ਕਾਬੁਲ ਸਥਿਤ ਭਾਰਤੀ ਦੂਤਘਰ ਨੇ ਸੁਰੱਖਿਆ ਸਲਾਹ ਜਾਰੀ ਕੀਤੀ ਹੈ। ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਅਫ਼ਗਾਨਿਸਤਾਨ ਛੱਡਣ ਦੀ ਸਲਾਹ ਦਿੱਤੀ ਹੈ। ਭਾਰਤੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਪਰਤਣ ਲਈ ਤੁਰੰਤ ਯਾਤਰਾ ਦੀ ਵਿਵਸਥਾ ਕਰਨ। ਇਸ ਤੋਂ ਪਹਿਲਾਂ 29 ਜੂਨ ਅਤੇ 24 ਜੁਲਾਈ ਨੂੰ ਵੀ ਭਾਰਤੀ ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਸਲਾਹ ਜਾਰੀ ਕੀਤੀ ਸੀ।
ਦੂਤਘਰ ਨੇ ਕਿਹਾ ਕਿ ਜਿਵੇਂ-ਜਿਵੇਂ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ ਵਿਚ ਹਿੰਸਾ ਵਧੀ ਹੈ, ਕਈ ਸੂਬਿਆਂ ਅਤੇ ਸ਼ਹਿਰਾਂ ’ਚ ਹਵਾਈ ਯਾਤਰਾ ਬੰਦ ਹੋ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਫ਼ਿਲਹਾਲ ਕਰੀਬ 1500 ਭਾਰਤੀ ਅਫ਼ਗਾਨਿਸਤਾਨ ’ਚ ਰਹਿ ਰਹੇ ਹਨ। ਦੂਤਘਰ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਨੂੰ ਹਵਾਈ ਯਾਤਰਾ ਸੇਵਾਵਾਂ ਬੰਦ ਹੋਣ ਤੋਂ ਪਹਿਲਾਂ ਭਾਰਤੀ ਕਾਮਿਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੂਤਘਰ ਨੇ ਸਲਾਹ ਵਿਚ ਕਿਹਾ ਕਿ ਅਫ਼ਗਾਨਿਸਤਾਨ ’ਚ ਅਫ਼ਗਾਨ ਜਾਂ ਵਿਦੇਸ਼ੀ ਕੰਪਨੀਆਂ ਲਈ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਆਪਣੇ ਮਾਲਕਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਭਾਰਤ ਦੀ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ। ਦੂਤਘਰ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਸਲਾਹ ਉਨ੍ਹਾਂ ਭਾਰਤੀ ਪੱਤਰਕਾਰਾਂ ਲਈ ਵੀ ਲਾਗੂ ਹੈ, ਜੋ ਅਫ਼ਗਾਨਿਸਤਾਨ ਵਿਚ ਤਾਜ਼ਾ ਘਟਨਾਕ੍ਰਮ ਨੂੰ ਕਵਰ ਕਰਨ ਲਈ ਗਏ ਹਨ।