ਅੱਧੀ ਰਹਿ ਗਈ ਭਾਰਤ ਦੇ ਡੈਮਾਂ ਦੀ ਸਟੋਰੇਜ ਕੈਪਸਟੀ ! ਮੰਡਰਾਉਣ ਲੱਗਾ ਵੱਡਾ ਖ਼ਤਰਾ
Sunday, Sep 14, 2025 - 10:12 AM (IST)

ਨੈਸ਼ਨਲ ਡੈਸਕ- ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾਨ (ਆਈ.ਆਈ.ਐੱਸ.ਈ.ਆਰ.) ਦੇ ਇਕ ਨਵੇਂ ਅਧਿਐਨ ਅਨੁਸਾਰ ਭਾਰਤ ਦੇ ਬੰਨ੍ਹਾਂ ਤੇ ਜਲ ਭੰਡਾਰਾਂ ਦੀ ਭੰਡਾਰਣ ਸਮਰੱਥਾ ਘਟ ਕੇ 50 ਫੀਸਦੀ ਰਹਿ ਗਈ ਹੈ। ਇਸ ਨਾਲ ਬਿਜਲੀ ਦੀ ਪੈਦਾਵਾਰ ਅਤੇ ਭਾਈਚਾਰਿਆਂ ਨੂੰ ਹੜ੍ਹ ਤੇ ਸੋਕੇ ਤੋਂ ਬਚਾਉਣ ਦੀ ਉਨ੍ਹਾਂ ਦੀ ਸਮਰੱਥਾ ਵੀ ਘਟ ਰਹੀ ਹੈ।
ਕੌਮਾਂਤਰੀ ਮੈਗਜ਼ੀਨ ‘ਸਟੋਕੈਸਟਿਕ ਇਨਵਾਇਰਮੈਂਟਲ ਰਿਸਰਚ ਐਂਡ ਰਿਸਕ ਅਸੈੱਸਮੈਂਟ’ (ਐੱਸ.ਈ.ਆਰ.ਆਰ.ਏ.) ’ਚ ਛਪੇ ਇਸ ਅਧਿਐਨ ਵਿਚ 100 ਮਿਲੀਅਨ ਕਿਊਬਿਕ ਮੀਟਰ ਤੋਂ ਵੱਧ ਭੰਡਾਰਣ ਸਮਰੱਥਾ ਵਾਲੇ 300 ਤੋਂ ਵੱਧ ਵੱਡੇ ਜਲ ਭੰਡਾਰਾਂ ਦੇ ਸਰਕਾਰੀ ਰਿਕਾਰਡ ਦੀ ਜਾਂਚ ਕੀਤੀ ਗਈ। ਨਤੀਜੇ ਦੱਸਦੇ ਹਨ ਕਿ ਕਈ ਬੰਨ੍ਹਾਂ ਨੇ ਪਹਿਲਾਂ ਹੀ ਆਪਣੀ ਤੈਅ ਭੰਡਾਰਣ ਸਮਰੱਥਾ ਦਾ 50 ਫੀਸਦੀ ਤੋਂ ਵੱਧ ਗੁਆ ਦਿੱਤਾ ਹੈ। 2050 ਤਕ ਕਈ ਹੋਰ ਬੰਨ੍ਹਾਂ ਦੇ ਖਾਸ ਤੌਰ ’ਤੇ ਹਿਮਾਲਿਆਈ ਖੇਤਰ, ਨਰਮਦਾ-ਤਾਪੀ ਬੇਸਿਨ, ਪੱਛਮੀ ਘਾਟ ਤੇ ਸਿੰਧੂ-ਗੰਗਾ ਦੇ ਮੈਦਾਨਾਂ ਵਿਚ ਇਸ ਪੱਧਰ ਤਕ ਪਹੁੰਚਣ ਦੀ ਆਸ ਹੈ। ਖੇਤੀਬਾੜੀ ਕਾਰਨ ਮਿੱਟੀ ਦਾ ਖੁਰਨਾ, ਜੰਗਲਾਂ ਦੀ ਕਟਾਈ ਅਤੇ ਹੜ੍ਹ ਨੂੰ ਇਸ ਦੇ ਪ੍ਰਮੁੱਖ ਕਾਰਨ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ- ''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'', UN ਨੇ ਦਿੱਤੀ ਚਿਤਾਵਨੀ
ਤਲਛੱਟ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਜ਼ਰੂਰੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਬੰਨ ਸੁਰੱਖਿਆ ਕਾਨੂੰਨ, 2021 ਨੂੰ 5700 ਤੋਂ ਵੱਧ ਵੱਡੇ ਬੰਨ੍ਹਾਂ ਵਿਚ ਢਾਂਚਾਗਤ ਨਿਰੀਖਣਾਂ ਨੂੰ ਮਜ਼ਬੂਤ ਕਰਨ ਅਤੇ ਅਸਫਲਤਾਵਾਂ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਸੀ ਪਰ ਇਹ ਅਧਿਐਨ ਇਸ ਗੱਲ ’ਤੇ ਚਾਨਣਾ ਪਾਉਂਦਾ ਹੈ ਕਿ ਸੁਰੱਖਿਆ ਸਿਰਫ ਕੰਧਾਂ ਤੇ ਦਰਵਾਜ਼ਿਆਂ ਤਕ ਸੀਮਿਤ ਨਹੀਂ ਹੋ ਸਕਦੀ। ਇਕ ਜਲ ਭੰਡਾਰ ਜੋ ਆਪਣਾ ਅੱਧਾ ਭੰਡਾਰਣ ਗੁਆ ਦਿੰਦਾ ਹੈ, ਉਹ ਢਹਿ ਤਾਂ ਨਹੀਂ ਸਕਦਾ ਪਰ ਉਸ ’ਤੇ ਨਿਰਭਰ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਕੇ ਕਾਰਜਸ਼ੀਲ ਤੌਰ ’ਤੇ ਅਸੁਰੱਖਿਅਤ ਹੋ ਜਾਂਦਾ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਆਈ.ਆਈ.ਐੱਸ.ਈ.ਆਰ. ਭੋਪਾਲ ਦੇ ਸਹਾਇਕ ਪ੍ਰੋਫੈਸਰ ਡਾ. ਸਿਮੋਲ ਸਵਰਨਕਾਰ ਨੇ ਕਿਹਾ ਕਿ ਮਾਹਿਰ ਜਲ ਗ੍ਰਹਿਣ ਜੰਗਲੀਕਰਨ, ਅਪਸਟ੍ਰੀਮ ਸੋਇਲ ਕੰਜ਼ਰਵੇਸ਼ਨ, ਚੈੱਕ ਡੈਮ ਅਤੇ ਨਿਯਮਿਤ ਜਲ ਸਰਵੇਖਣ ਸਮੇਤ ਤਲਛੱਟ ਪ੍ਰਬੰਧਨ ’ਤੇ ਵੱਡੇ ਪੱਧਰ ’ਤੇ ਧਿਆਨ ਦੇਣ ’ਤੇ ਜ਼ੋਰ ਦਿੰਦੇ ਹਨ।
2050 ਤਕ ਕਈ ਪ੍ਰਮੁੱਖ ਜਲ ਭੰਡਾਰ ਹੋ ਸਕਦੇ ਹਨ ਬੰਦ
ਆਈ.ਆਈ.ਟੀ. ਕਾਨਪੁਰ ਦੇ ਧਰਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਰਾਜੀਵ ਸਿਨਹਾ ਨੂੰ ਬੰਨ੍ਹਾਂ ਤੇ ਜਲ ਭੰਡਾਰਾਂ ’ਤੇ ਉਨ੍ਹਾਂ ਦੀ ਅਹਿਮ ਖੋਜ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਵਰਨਕਾਰ ਦਾ ਅਧਿਐਨ ਕੇਂਦਰ ਸਰਕਾਰ ਦੀਆਂ ਏਜੰਸੀਆਂ ਲਈ ਖਾਸ ਤੌਰ ’ਤੇ ਪ੍ਰਮੁੱਖ ਵਾਟਰ ਇਨਫ੍ਰਾਸਟ੍ਰਕਚਰ ਦੇ ਪ੍ਰਬੰਧਨ, ਸੁਰੱਖਿਆ ਮੁਲਾਂਕਣ ਤੇ ਈਕੋਲਾਜੀਕਲ ਇੰਪੈਕਟ ਮਿਟੀਗੇਸ਼ਨ ਦੇ ਖੇਤਰਾਂ ਵਿਚ ਬਹੁਤ ਜ਼ਿਆਦਾ ਉਪਯੋਗੀ ਤੇ ਕਾਰਵਾਈ ਯੋਗ ਅੰਤਰ-ਦ੍ਰਿਸ਼ਟੀ ਦਿੰਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਉਨ੍ਹਾਂ ਦਾ ਅਧਿਐਨ ਬੇਹੱਦ ਉਪਯੋਗੀ ਹੈ। ਇਸ ਖੇਤਰ ਵਿਚ ਕੰਮ ਕਰ ਰਹੀਆਂ ਏਜੰਸੀਆਂ ਇਸ ਅਧਿਐਨ ਤੋਂ ਇਹ ਸਮਝ ਸਕਦੀਆਂ ਹਨ ਕਿ ਉਨ੍ਹਾਂ ਨੇ ਕਿਸ ਉੱਪਰ ਤੇ ਕਿੱਥੇ ਧਿਆਨ ਲਾਉਣਾ ਹੈ। ਆਈ.ਆਈ.ਐੱਸ.ਈ.ਆਰ. ਦਾ ਅਧਿਐਨ ਇਕ ਸਪਸ਼ਟ ਚਿਤਾਵਨੀ ਦਿੰਦਾ ਹੈ ਕਿ ਭਾਰਤ ਨੂੰ ਬੰਨ੍ਹਾਂ ਨੂੰ ਸਥਾਈ ਜਾਇਦਾਦ ਵਜੋਂ ਵੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਸਰਗਰਮ ਪ੍ਰਬੰਧਨ ਤੋਂ ਬਿਨਾਂ ਜਲ ਭੰਡਾਰਾਂ ਵਿਚ ਗਾਰ ਕਾਰਨ ਦਹਾਕਿਆਂ ਦਾ ਨਿਵੇਸ਼ ਵਿਅਰਥ ਹੋ ਸਕਦਾ ਹੈ। ਖੋਜੀਆਂ ਮੁਤਾਬਕ 2050 ਤਕ ਕਈ ਪ੍ਰਮੁੱਖ ਜਲ ਭੰਡਾਰ ਆਪਣੀ ਇੱਛਾ ਨਾਲ ਕੰਮ ਕਰਨ ’ਚ ਅਸਮਰੱਥ ਹੋ ਸਕਦੇ ਹਨ, ਜਿਸ ਨਾਲ ਲੱਖਾਂ ਲੋਕ ਜਲ ਅਸੁਰੱਖਿਆ, ਊਰਜਾ ਦੀ ਕਮੀ ਅਤੇ ਹੜ੍ਹ ਵਰਗੀਆਂ ਆਫਤਾਂ ਦੇ ਸ਼ਿਕਾਰ ਹੋ ਸਕਦੇ ਹਨ।
1100 ਵੱਡੇ ਬੰਨ੍ਹ 50 ਸਾਲ ਪੁਰਾਣੇ
ਵੱਡੇ ਬੰਨ੍ਹ ਬਣਾਉਣ ’ਚ ਭਾਰਤ ਦੁਨੀਆ ਵਿਚ ਤੀਜੇ ਨੰਬਰ ’ਤੇ ਹੈ। ਹੁਣ ਤਕ ਬਣਾਏ ਗਏ 5200 ਤੋਂ ਵੱਧ ਵੱਡੇ ਬੰਨ੍ਹਾਂ ਵਿਚੋਂ ਲੱਗਭਗ 1100 ਵੱਡੇ ਬੰਨ੍ਹ ਪਹਿਲਾਂ ਹੀ 50 ਸਾਲ ਪੁਰਾਣੇ ਹੋ ਚੁੱਕੇ ਹਨ ਅਤੇ ਕੁਝ 120 ਸਾਲ ਤੋਂ ਵੀ ਪੁਰਾਣੇ ਹਨ। 2050 ਤਕ ਅਜਿਹੇ ਬੰਨ੍ਹਾਂ ਦੀ ਗਿਣਤੀ ਵਧ ਕੇ 4400 ਹੋ ਜਾਵੇਗੀ ਭਾਵ ਦੇਸ਼ ਦੇ 80 ਫੀਸਦੀ ਵੱਡੇ ਬੰਨ੍ਹਾਂ ਦੇ ਅਪ੍ਰਚਲਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹ 50 ਤੋਂ ਲੈ ਕੇ 150 ਸਾਲਾਂ ਤੋਂ ਵੀ ਵੱਧ ਪੁਰਾਣੇ ਹੋ ਚੁੱਕੇ ਹੋਣਗੇ। ਸੈਂਕੜੇ-ਹਜ਼ਾਰਾਂ ਦਰਮਿਆਨੇ ਤੇ ਛੋਟੇ ਬੰਨ੍ਹਾਂ ਦੀ ਸਥਿਤੀ ਹੋਰ ਵੀ ਖਤਰਨਾਕ ਹੈ ਕਿਉਂਕਿ ਉਨ੍ਹਾਂ ਦੀ ਸ਼ੈਲਫ ਲਾਈਫ ਵੱਡੇ ਬੰਨ੍ਹਾਂ ਦੇ ਮੁਕਾਬਲੇ ਹੋਰ ਵੀ ਘੱਟ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e