ਸਿਰਫ਼ 20 ਰੁਪਏ ''ਚ ਭਾਰਤੀ ਨਾਗਰਿਕਤਾ...ਬੰਗਲਾਦੇਸ਼ੀ ਘੁਸਪੈਠੀਆਂ ਦੇ ਫ਼ਰਜ਼ੀ ਕਾਗਜ਼ਾਤ ਬਣਾਉਣ ਵਾਲੇ ਕਾਬੂ
Tuesday, Dec 24, 2024 - 11:42 PM (IST)
ਨਵੀਂ ਦਿੱਲੀ : ਦਿੱਲੀ ਪੁਲਸ ਨੇ ਹਾਲ ਹੀ ਵਿਚ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਭਾਰਤੀ ਪਛਾਣ ਪੱਤਰ ਪ੍ਰਦਾਨ ਕਰਨ ਵਾਲੇ ਇਕ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 5 ਬੰਗਲਾਦੇਸ਼ੀ ਨਾਗਰਿਕ ਹਨ ਅਤੇ 6 ਅਜਿਹੇ ਹਨ ਜੋ ਜਾਅਲੀ ਦਸਤਾਵੇਜ਼ ਬਣਾਉਂਦੇ ਸਨ। ਇਸ ਸਨਸਨੀਖੇਜ਼ ਖੁਲਾਸੇ ਨੇ ਰਾਜਧਾਨੀ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵੱਧ ਰਹੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਇੰਝ ਹੋਇਆ ਵੱਡਾ ਖੁਲਾਸਾ
ਦਰਅਸਲ, ਇਹ ਵੱਡਾ ਮਾਮਲਾ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਵਿਚ ਹੋਏ ਇਕ ਕਤਲ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ। ਦੱਖਣੀ ਜ਼ਿਲ੍ਹੇ ਦੇ ਡੀਸੀਪੀ ਅੰਕਿਤ ਚੌਹਾਨ ਨੇ ਦੱਸਿਆ ਕਿ ਰੰਜਿਸ਼ ਅਤੇ ਪੈਸੇ ਦੇ ਲੈਣ-ਦੇਣ ਕਾਰਨ ਸੈਟੋਂ ਸ਼ੇਖ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਗਿਆ ਹੈ। ਇਸ ਕਤਲ ਕਾਂਡ ਵਿਚ ਸ਼ਾਮਲ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਮ੍ਰਿਤਕ ਸੈਟੋਂ ਸ਼ੇਖ ਬੰਗਲਾਦੇਸ਼ੀ ਨਾਗਰਿਕਾਂ ਦੇ ਫਰਜ਼ੀ ਆਧਾਰ ਕਾਰਡ ਬਣਾਉਂਦਾ ਸੀ।
ਕਿਵੇਂ ਕੰਮ ਕਰਦਾ ਸੀ ਸਿੰਡੀਕੇਟ?
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਿੰਡੀਕੇਟ ਬੰਗਲਾਦੇਸ਼ੀ ਨਾਗਰਿਕਾਂ ਨੂੰ ਜੰਗਲਾਂ ਰਾਹੀਂ ਭਾਰਤ ਵਿਚ ਘੁਸਪੈਠ ਕਰਦਾ ਸੀ। ਭਾਰਤ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਸਿਮ ਕਾਰਡ ਅਤੇ ਨਕਦੀ ਮੁਹੱਈਆ ਕਰਵਾਈ ਜਾਂਦੀ ਸੀ। ਦਸਤਾਵੇਜ਼ ਤਿਆਰ ਕਰਨ ਲਈ ਇਕ ਫਰਜ਼ੀ ਵੈੱਬਸਾਈਟ 'ਜਨਤਾ ਪ੍ਰਿੰਟਸ' ਦੀ ਵਰਤੋਂ ਕੀਤੀ ਗਈ ਸੀ। ਇਸ ਵੈੱਬਸਾਈਟ ਨੂੰ ਰਜਤ ਮਿਸ਼ਰਾ ਨਾਂ ਦਾ ਵਿਅਕਤੀ ਸਾਲ 2022 ਤੋਂ ਚਲਾ ਰਿਹਾ ਸੀ। ਉਹ ਸਿਰਫ਼ 20 ਰੁਪਏ ਵਿਚ ਆਧਾਰ ਕਾਰਡ, ਵੋਟਰ ਆਈਡੀ ਅਤੇ ਪੈਨ ਕਾਰਡ ਵਰਗੇ ਦਸਤਾਵੇਜ਼ ਪ੍ਰਿੰਟ ਕਰਦਾ ਸੀ। ਪੁਲਸ ਨੇ ਸਿੰਡੀਕੇਟ ਆਗੂ ਮੁੰਨੀ ਦੇਵੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ 4 ਜਾਅਲੀ ਵੋਟਰ ਕਾਰਡ, 21 ਆਧਾਰ ਕਾਰਡ ਅਤੇ 6 ਪੈਨ ਕਾਰਡ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਕ੍ਰਿਸਮਸ ਨੂੰ ਲੈ ਕੇ ਦਿੱਲੀ 'ਚ ਟ੍ਰੈਫਿਕ ਐਡਵਾਈਜ਼ਰੀ ਜਾਰੀ, ਡਾਇਵਰਟ ਰਹਿਣਗੇ ਕਈ ਰੂਟ
ਜਾਂਚ 'ਚ ਕਈ ਐਂਗਲ
ਪੁਲਸ ਜਾਂਚ ਦੌਰਾਨ ਇਸ ਸਿੰਡੀਕੇਟ ਦੇ ਪਿੱਛੇ ਬੰਗਲਾਦੇਸ਼ ਵਿਚ ਰਹਿੰਦੇ ਕੁਝ ਅਣਪਛਾਤੇ ਲੋਕਾਂ ਦੀ ਸ਼ਮੂਲੀਅਤ ਦਾ ਐਂਗਲ ਵੀ ਸਾਹਮਣੇ ਆਇਆ ਹੈ। ਉਥੇ ਪੁਲਸ ਟੀਮ ਭੇਜੀ ਗਈ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਜਾਅਲੀ ਵੋਟਰ ਕਾਰਡ ਬਣਾਏ ਗਏ ਹਨ? ਦਿੱਲੀ ਪੁਲਸ ਮੁਤਾਬਕ ਇਹ ਸਾਰੀਆਂ ਗੱਲਾਂ ਜਾਂਚ ਦਾ ਹਿੱਸਾ ਹਨ।
LG ਦੇ ਹੁਕਮਾਂ 'ਤੇ ਹੋਈ ਕਾਰਵਾਈ
ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਮੁਸਲਿਮ ਭਾਈਚਾਰੇ ਦੇ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪੁਲਸ ਪ੍ਰਸ਼ਾਸਨ ਨੂੰ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਦੀ ਸ਼ਨਾਖਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮੁੱਖ ਸਕੱਤਰ ਅਤੇ ਪੁਲਸ ਕਮਿਸ਼ਨਰ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਘੁਸਪੈਠੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਮੁਸਲਿਮ ਭਾਈਚਾਰੇ ਦੇ ਵਫ਼ਦ ਵੱਲੋਂ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬਾਹਰ ਕੱਢਣ ਦੀ ਮੰਗ ਤੋਂ ਬਾਅਦ ਸ਼ੁਰੂ ਹੋਈ।
ਬੰਗਲਾਦੇਸ਼ੀ ਘੁਸਪੈਠੀਆਂ ਦਾ ਨੈੱਟਵਰਕ
ਪੁਲਸ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਬੰਗਲਾਦੇਸ਼ੀ ਨਾਗਰਿਕਾਂ ਦਾ ਇਹ ਨੈੱਟਵਰਕ ਨਾ ਸਿਰਫ਼ ਜਾਅਲੀ ਦਸਤਾਵੇਜ਼ ਬਣਾਉਣ ਵਿਚ ਸ਼ਾਮਲ ਹੈ, ਸਗੋਂ ਹੋਰ ਅਪਰਾਧਾਂ ਵਿਚ ਵੀ ਸ਼ਾਮਲ ਹੈ। ਦਿੱਲੀ ਐਨਸੀਆਰ ਵਿਚ ਬੰਗਲਾਦੇਸ਼ੀ ਅਪਰਾਧੀਆਂ ਦੀ ਇਕ ਵੱਖਰੀ ਸੂਚੀ ਬਣਾਈ ਜਾ ਰਹੀ ਹੈ। ਪੁਲਸ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਵਿਸ਼ੇਸ਼ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਅਨੋਖਾ ਮਾਮਲਾ: ਔਰਤ ਨੇ ਇਕੱਠਿਆਂ 5 ਬੱਚਿਆਂ ਨੂੰ ਦਿੱਤਾ ਜਨਮ
ਦੂਜੇ ਰਾਜਾਂ ਦੀ ਪੁਲਸ ਦਾ ਸਹਿਯੋਗ
ਬੰਗਲਾਦੇਸ਼ੀ ਘੁਸਪੈਠੀਆਂ ਵਿਰੁੱਧ ਇਸ ਮੁਹਿੰਮ ਵਿਚ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਹੈ। ਇਸ ਦਾ ਉਦੇਸ਼ ਬੰਗਲਾਦੇਸ਼ੀ ਨਾਗਰਿਕਾਂ ਦੇ ਨੈੱਟਵਰਕ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਜੜ੍ਹੋਂ ਪੁੱਟਣਾ ਹੈ।
ਹਾਲੇ ਜਾਰੀ ਹੈ ਜਾਂਚ
ਜਾਅਲੀ ਵੋਟਰ ਕਾਰਡ ਬਣਾਉਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਭਾਰਤ ਲਿਆਉਣ ਵਾਲੇ ਰੂਟਾਂ ਅਤੇ ਉਨ੍ਹਾਂ ਦੇ ਫੈਸਿਲੀਟੇਟਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸਿਰਫ਼ ਬੰਗਲਾਦੇਸ਼ੀ ਘੁਸਪੈਠ ਦਾ ਮਾਮਲਾ ਨਹੀਂ ਹੈ, ਸਗੋਂ ਭਾਰਤੀ ਸੁਰੱਖਿਆ ਅਤੇ ਪਛਾਣ ਨਾਲ ਖੇਡਣ ਦਾ ਮਾਮਲਾ ਹੈ। ਦਿੱਲੀ 'ਚ ਸਿਰਫ 20 ਰੁਪਏ 'ਚ ਫਰਜ਼ੀ ਭਾਰਤੀ ਨਾਗਰਿਕਤਾ ਦੇਣ ਦਾ ਇਹ ਮਾਮਲਾ ਸਾਡੀ ਸੁਰੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪੁਲਸ ਅਤੇ ਪ੍ਰਸ਼ਾਸਨ ਦੇ ਯਤਨਾਂ ਸਦਕਾ ਇਸ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ ਪਰ ਇਸ ਨੂੰ ਜੜ੍ਹੋਂ ਪੁੱਟਣ ਲਈ ਲਗਾਤਾਰ ਚੌਕਸੀ ਅਤੇ ਸਖ਼ਤ ਕਾਰਵਾਈ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8