ਭਾਰਤੀ ਫੌਜ ਨੂੰ ਮਿਲਣਗੀਆਂ 72 ਹਜ਼ਾਰ ਅਸਾਲਟ ਅਮਰੀਕੀ ਰਾਇਫਲਾਂ
Monday, Jul 13, 2020 - 02:33 AM (IST)
ਨਵੀਂ ਦਿੱਲੀ - ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਭਾਰਤੀ ਫੌਜ ਅਮਰੀਕਾ ਤੋਂ 72 ਹਜ਼ਾਰ ਐਸ. ਆਈ. ਜੀ. 716 ਅਸਾਲਟ ਰਾਇਫਲ ਖਰੀਦਣ ਜਾ ਰਹੀ ਹੈ। ਅਮਰੀਕਾ ਤੋਂ ਪਹਿਲਾਂ ਹੀ 72 ਹਜ਼ਾਰ ਰਾਇਫਲਾਂ ਫੌਜ ਦੀ ਨਾਰਥਨ ਕਮਾਂਡ ਅਤੇ ਦੂਜੇ ਅਪਰੇਸ਼ਨ ਇਲਾਕਿਆਂ ਵਿਚ ਤਾਇਨਾਤ ਫੌਜੀਆਂ ਨੂੰ ਮਿਲ ਚੁੱਕੀਆਂ ਹਨ। ਇਹ ਰਾਇਫਲਾਂ ਦਾ ਦੂਜਾ ਬੈਚ ਹੋਵੇਗਾ। ਨਵੇਂ ਹਥਿਆਰਾਂ ਦੀ ਖਰੀਦ ਫਾਸਟ-ਟ੍ਰੈਕ ਪਰਚੇਜ (ਐਫ. ਟੀ. ਪੀ.) ਦੇ ਤਹਿਤ ਕੀਤੀ ਜਾ ਰਹੀ ਹੈ।
ਅਮਰੀਕਾ ਦੀ ਹਥਿਆਰ ਬਣਾਉਣ ਵਾਲੀ ਕੰਪਨੀ ਸਿਗ ਸਾਇਰ ਰਾਇਫਲਾਂ ਦੀ ਸਪਲਾਈ ਕਰੇਗੀ। ਇਨ੍ਹਾਂ ਨੂੰ ਅਮਰੀਕਾ ਵਿਚ ਬਣਾਇਆ ਜਾਵੇਗਾ। ਇਹ ਨਵੀਆਂ ਰਾਇਫਲਾਂ ਮੌਜੂਦਾ ਸਮੇਂ ਵਿਚ ਭਾਰਤੀ ਫੌਜਾਂ ਵਿਚ ਇਸਤੇਮਾਲ ਕੀਤੀਆਂ ਜਾ ਰਹੀਆਂ ਇੰਡੀਅਨ ਸਮਾਲ ਆਰਮਸ ਸਿਸਟਮ (ਇੰਸਾਸ) 5.56-45 ਮਿਮੀ ਰਾਇਫਲ ਨੂੰ ਰਿਪਲੇਸ ਕਰੇਗੀ। ਅੱਤਵਾਦ ਵਿਰੋਧੀ ਅਭਿਆਨ ਅਤੇ ਐਲ. ਓ. ਸੀ. 'ਤੇ ਤਾਇਨਾਤ ਜਵਾਨਾਂ ਲਈ 1.5 ਲੱਖ ਰਾਇਫਲਾਂ ਇੰਪੋਰਟ ਕੀਤੀਆਂ ਜਾਣੀਆਂ ਹਨ। ਬਾਕੀ ਜਵਾਨਾਂ ਨੂੰ ਏ. ਕੇ.-203 ਰਾਇਫਲਾਂ ਦਿੱਤੀਆਂ ਜਾਣਗੀਆਂ। ਇਨਾਂ ਨੂੰ ਭਾਰਤ ਅਤੇ ਰੂਸ ਮਿਲ ਕੇ ਅਮੇਠੀ ਦੀ ਆਰਡੀਨੈਂਸ ਫੈਕਟਰੀ ਵਿਚ ਬਣਾਉਣਗੇ। ਇਸ ਪ੍ਰਾਜੈਕਟ 'ਤੇ ਕੰਮ ਜਾਰੀ ਹੈ।