ਭਾਰਤੀ ਫੌਜ ਦੀ ਖਾਸ ਮੁਹਿੰਮ, ਸ਼੍ਰੀਨਗਰ ''ਚ ਵਿਦਿਆਰਥੀਆਂ ਲਈ ‘ਸੁਪਰ 30'' ਦੀ ਕਲਾਸ ਸ਼ੁਰੂ

Wednesday, Mar 03, 2021 - 07:38 PM (IST)

ਨੈਸ਼ਨਲ ਡੈਸਕ : ਕਸ਼ਮੀਰ ਦੇ ਬੱਚਿਆਂ ਦਾ ਭਵਿੱਖ ਵੀ ਦੇਸ਼ ਦੇ ਹੋਰ ਬੱਚਿਆਂ ਦੀ ਤਰ੍ਹਾਂ ਉੱਜਵਲ ਹੋਵੇ ਅਤੇ ਉਹ ਚੰਗੀ ਨੌਕਰੀ ਹਾਸਲ ਕਰ ਸਕਣ ਇਸਦੇ ਲਈ ਭਾਰਤੀ ਫੌਜ ਨੇ ਫ੍ਰੀ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ। ਹੋਣਹਾਰ ਵਿਦਿਆਰਥੀਆਂ ਨੂੰ ਭਾਰਤੀ ਫੌਜ ਇਹ ਸਹੂਲਤ ਉਪਲੱਬਧ ਕਰਵਾ ਰਹੀ ਹੈ। ਫੌਜ ਨੇ ਘਾਟੀ  ਦੇ ਵਿਦਿਆਰਥੀਆਂ ਲਈ ਕਸ਼ਮੀਰ ਸੁਪਰ 30 ਦੇ ਤਹਿਤ ਇਸ ਸਾਲ 30 ਹੋਣਹਾਰ ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਫੌਜ ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਫ੍ਰੀ ਕੋਚਿੰਗ ਦੇਵੇਗੀ। ਇਸ ਫ੍ਰੀ ਮੈਡੀਕਲ ਕੋਚਿੰਗ ਨਾਲ ਕਸ਼ਮੀਰ ਦੇ ਹੋਣਹਾਰ ਬੱਚਿਆਂ ਨੂੰ ਮੈਡੀਕਲ ਦਾਖਲਾ ਪ੍ਰੀਖਿਆ (NEET) ਲਈ ਮਦਦ ਮਿਲੇਗੀ। ਦੱਸ ਦਈਏ ਕਿ ਨੈਸ਼ਨਲ ਇੰਟੀਗਰੇਟੀ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਅਤੇ ਆਰਮੀ ਐਡਮਿਨਿਸਟਰੇਸ਼ਨ ਐਂਡ ਲਾਜਿਸਟਿਕਸ ਵਲੋਂ ਸੁਪਰ 30 ਬੈਚ ਦੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਉਪਲੱਬਧ ਕਰਾਈ ਜਾਂਦੀ ਹੈ। 

ਨੈਸ਼ਨਲ ਇੰਟੀਗਰੇਟੀ ਐਂਡ ਐਜੂਕੇਸ਼ਨਲ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਐੱਨ.ਆਈ.ਈ.ਡੀ.ਓ.) ਇੱਕ ਐੱਨ.ਜੀ.ਓ. ਹੈ। ਇਹ 30 ਅਜਿਹੇ ਬੱਚਿਆਂ ਦੀ ਚੋਣ ਕਰਦਾ ਹੈ ਜੋ ਪੜਾਈ ਵਿੱਚ ਕਾਫ਼ੀ ਚੰਗੇ ਹੁੰਦੇ ਹਨ। ਇਹ NGO ਇਨ੍ਹਾਂ ਬੱਚਿਆਂ ਲਈ ਚੰਗੇ ਅਧਿਆਪਕ ਉਪਲੱਬਧ ਕਰਵਾਉਂਦਾ ਹੈ ਜੋ ਇਨ੍ਹਾਂ ਨੂੰ ਫ੍ਰੀ ਵਿੱਚ ਪੜ੍ਹਾਉਂਦੇ ਹਨ। ਉਥੇ ਹੀ ਫੌਜ ਬੱਚੇ ਦੀ ਪੜ੍ਹਾਈ ਦੀ ਸਾਰੀ ਵਿਵਸਥਾ ਦੀ ਜ਼ਿੰਮੇਦਾਰੀ ਚੁੱਕਦੀ ਹੈ ਅਤੇ ਬੱਚਿਆਂ ਨੂੰ ਆਰਥਿਕ ਮਦਦ ਤੋਂ ਇਲਾਵਾ ਖਾਣਾ-ਪਾਣੀ ਦਾ ਸਾਰਾ ਖਰਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਚੁੱਕਦੀ ਹੈ। 

ਕਸ਼ਮੀਰ ਸੁਪਰ 30 ਬੈਚ ਦੀ ਸ਼ੁਰੂਆਤ 2018 ਵਿੱਚ ਹੋਈ ਸੀ। ਸੁਪਰ 30 ਦੇ ਪਹਿਲੇ ਬੈਚ ਦੀ ਸ਼ੁਰੂਆਤ ਫੌਜ ਦੇ ਲੈਫਟੀਨੈਂਟ ਜਨਰਲ ਏ.ਕੇ. ਭੱਟ ਨੇ ਕੀਤੀ ਸੀ। ਉਸ ਸਮੇਂ ਪਹਿਲੇ ਬੈਚ ਲਈ ਕਰੀਬ 1400 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ। ਜਿਸ ਵਿਚੋਂ 170 ਬੱਚਿਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ। ਇੰਟਰਵਿਊ ਵਿੱਚ 30 ਬਿਹਤਰ ਬੱਚਿਆਂ ਦੀ ਚੋਣ ਹੋਈ ਸੀ। ਭਾਰਤੀ ਫੌਜ ਦੀ ਇਸ ਮੁਹਿੰਮ ਦੇ ਤਹਿਤ ਪੂਰੇ ਇੱਕ ਸਾਲ ਤੱਕ ਬੱਚਿਆਂ ਨੂੰ ਫ੍ਰੀ ਵਿੱਚ ਪੜ੍ਹਾਇਆ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏਂ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News