ਮੌਤ ਦੇ 16 ਸਾਲ ਬਾਅਦ ਹੋਵੇਗਾ ਸ਼ਹੀਦ ਫ਼ੌਜੀ ਦਾ ਅੰਤਿਮ ਸੰਸਕਾਰ, ਬਰਫ਼ ’ਚ ਦੱਬੀ ਮਿਲੀ ਮ੍ਰਿਤਕ ਦੇਹ
Tuesday, Sep 28, 2021 - 01:56 PM (IST)
ਗਾਜ਼ੀਆਬਾਦ (ਬਿਊਰੋ)— ਅਸੀਂ ਆਪਣੇ ਘਰਾਂ ’ਚ ਸਿਰਫ਼ ਇਸ ਲਈ ਚੈਨ ਨਾਲ ਸੌਂਦੇ ਹਾਂ ਕਿਉਂਕਿ ਸਾਡੇ ਫ਼ੌਜੀ ਵੀਰ ਸਰਹੱਦਾਂ ਦੀ ਰਾਖੀ ਕਰਦੇ ਹਨ। ਜਦੋਂ ਫ਼ੌਜ ਦਾ ਜਵਾਨ ਸ਼ਹੀਦ ਹੁੰਦਾ ਹੈ ਤਾਂ ਕਾਫੀ ਦੁੱਖ ਹੁੰਦਾ ਹੈ ਪਰ ਕਿਸੇ ਪਰਿਵਾਰ ਲਈ 16 ਸਾਲ ਉਡੀਕ ਕਰਨਾ ਬਹੁਤ ਦੁੱਖਦਾਇਕ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਜਵਾਨ ਅਮਰੀਸ਼ ਤਿਆਗੀ ਦਾ ਮਰਹੂਮ ਸਰੀਰ 16 ਸਾਲ ਬਾਅਦ ਬਰਫ਼ ’ਚ ਦੱਬਿਆ ਮਿਲਿਆ। ਅਮਰੀਸ਼ ਤਿਆਗੀ ਭਾਰਤੀ ਫ਼ੌਜ ਵਿਚ ਪਰਬਤਾਰੋਹੀ ਫ਼ੌਜੀ ਸਨ। 23 ਸਤੰਬਰ 2005 ਨੂੰ ਉਹ ਸਤੋਪੰਥ ਚੋਟੀ ’ਤੇ ਤਿਰੰਗਾ ਲਹਿਰਾਉਣ ਮਗਰੋਂ ਪਰਤਦੇ ਸਮੇਂ ਖੱਡ ’ਚ ਡਿੱਗ ਗਏ ਸਨ। ਉਨ੍ਹਾਂ ਨਾਲ ਸ਼ਹੀਦ ਹੋਏ 3 ਜਵਾਨਾਂ ਦੇ ਮਿ੍ਰਤਕ ਸਰੀਰ ਤਾਂ ਮਿਲ ਗਏ ਪਰ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਬਰਫ਼ ਪਿਘਲਣ ਨਾਲ ਮਿਲੀ ਮਿ੍ਰਤਕ ਦੇਹ—
ਕੁਝ ਦਿਨ ਪਹਿਲਾਂ ਬਰਫ਼ ਪਿਘਲਣ ਨਾਲ ਇਕ ਲਾਸ਼ ਮਿਲੀ। ਕੱਪੜੇ ਅਤੇ ਕੁਝ ਪੇਪਰਾਂ ਦੇ ਆਧਾਰ ’ਤੇ ਲਾਸ਼ ਦੀ ਪਹਿਚਾਣ ਅਮਰੀਸ਼ ਦੇ ਰੂਪ ’ਚ ਹੋਈ। ਜਿਵੇਂ ਹੀ ਅਮਰੀਸ਼ ਦੇ ਮਿ੍ਰਤਕ ਸਰੀਰ ਦੀ ਸੂਚਨਾ ਪੂਰੇ ਪਿੰਡ ਨੂੰ ਮਿਲੀ ਤਾਂ ਲੋਕਾਂ ਦਾ ਅਮਰੀਸ਼ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਫ਼ੌਜ ਵਲੋਂ ਕੀਤੇ ਗਏ ਫੋਨ ਕਾਲ ’ਚ ਦੱਸਿਆ ਗਿਆ ਹੈ ਕਿ ਅਮਰੀਸ਼ ਦਾ ਮਿ੍ਰਤਕ ਸਰੀਰ ਇਕ-ਦੋ ਦਿਨ ਵਿਚ ਗਾਜ਼ੀਆਬਾਦ ਦੇ ਮੁਰਾਦਨਗਰ ਥਾਣਾ ਖੇਤਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਹੋਵੇਗਾ।
1995 ’ਚ ਹੋਏ ਸਨ ਫ਼ੌਜ ’ਚ ਭਰਤੀ—
ਅਮਰੀਸ਼ ਤਿਆਗੀ 1995 ’ਚ ਫ਼ੌਜ ’ਚ ਭਰਤੀ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਕਈ ਥਾਂ ਹੋਈ। ਅਮਰੀਸ਼ ਹਿਮਾਲਿਆਂ ਦੀ ਸਭ ਤੋਂ ਉੱਚੀ ਚੋਟੀ ’ਤੇ ਕਈ ਵਾਰ ਤਿਰੰਗਾ ਵੀ ਲਹਿਰਾ ਚੁੱਕੇ ਸਨ। ਸਤੰਬਰ 2005 ’ਚ ਅਮਰੀਸ਼ ਉੱਤਰਾਖੰਡ ਦੀ ਸਤੋਪੰਥ ਚੋਟੀ ’ਤੇ ਤਿਰੰਗਾ ਲਹਿਰਾ ਕੇ ਜਦੋਂ ਆਪਣੀ ਟੀਮ ਨਾਲ ਵਾਪਸ ਆ ਰਹੇ ਸਨ ਤਾਂ 23 ਸਤੰਬਰ ਨੂੰ ਡੂੰਘੀ ਖੱਡ ਵਿਚ ਡਿੱਗ ਗਏ ਸਨ। ਉਹ ਆਪਣੇ 4 ਸਾਥੀਆਂ ਨਾਲ ਬਰਫ਼ ਵਿਚ ਦੱਬ ਗਏ ਸਨ। ਰੈਸਕਿਊ ਕਰ ਕੇ ਤਿੰਨ ਸਿਪਾਹੀਆਂ ਦੇ ਮਿ੍ਰਤਕ ਸਰੀਰ ਨੂੰ ਕੱਢ ਲਿਆ ਗਿਆ ਸੀ ਪਰ ਅਮਰੀਸ਼ ਦਾ ਮਿ੍ਰਤਕ ਸਰੀਰ ਨਹੀਂ ਮਿਲ ਸਕਿਆ ਸੀ।
ਪਰਿਵਾਰ ਨੇ ਅੱਜ ਤਕ ਨਹੀਂ ਛੱਡੀ ਸੀ ਆਸ—
ਅਮਰੀਸ਼ ਦੇ ਵੱਡੇ ਭਰਾ ਰਾਮ ਕੁਮਾਰ ਤਿਆਗੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤਕ ਅਮਰੀਸ਼ ਦੇ ਜ਼ਿੰਦਾ ਹੋਣ ਦੀ ਆਸ ਨਹੀਂ ਛੱਡੀ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਅਮਰੀਸ਼ ਆਪਣੀ ਜਾਨ ਬਚਾ ਕੇ ਕਿਤੇ ਇੱਧਰ-ਉੱਧਰ ਰਹਿ ਰਿਹਾ ਹੈ। 24 ਸਤੰਬਰ ਨੂੰ ਦੇਰ ਸ਼ਾਮ ਦਿੱਲੀ ਫ਼ੌਜ ਹੈੱਡਕੁਆਰਟਰ ਤੋਂ 3 ਅਧਿਕਾਰੀ ਆਏ ਅਤੇ ਉਨ੍ਹਾਂ ਨੇ ਅਮਰੀਸ਼ ਦੇ ਮਿ੍ਰਤਕ ਸਰੀਰ ਦੇ ਉੱਤਰਾਖੰਡ ਵਿਚ ਮਿਲਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪਰਿਵਾਰ ’ਚ ਇਕ ਵਾਰ ਫਿਰ ਪਹਾੜ ਟੁੱਟ ਗਿਆ।
ਹਾਦਸੇ ਮਗਰੋਂ ਪਤਨੀ ਨੇ ਧੀ ਨੂੰ ਦਿੱਤਾ ਜਨਮ—
ਅਮਰੀਸ਼ ਦਾ ਵਿਆਹ 2005 ’ਚ ਮੇਰਠ ਦੇ ਗਣੇਸ਼ਪੁਰ ’ਚ ਹੋਇਆ ਸੀ, ਜਿਸ ਸਮੇਂ ਉਹ ਲਾਪਤਾ ਹੋਏ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਪਤਨੀ ਗਰਭਵਤੀ ਸੀ ਅਤੇ 5 ਮਹੀਨੇ ਬਾਅਦ ਉਨ੍ਹਾਂ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ।