ਭਾਰਤੀ ਫੌਜ ਦੁਸ਼ਮਣ ਦੀ ਹਰ ਨਾਪਾਕ ਕੋਸ਼ਿਸ਼ ਦਾ ਮੂੰਹਤੋੜ ਜਵਾਬ ਦੇਣ ’ਚ ਸਮਰੱਥ: ਜਨਰਲ ਨਰਵਣੇ
Saturday, Jun 26, 2021 - 05:22 AM (IST)
ਸ਼ਿਮਲਾ (ਜਸਟਾ)- ਭਾਰਤੀ ਜ਼ਮੀਨੀ ਫੌਜ ਦੇ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਕਿਹਾ ਹੈ ਕਿ ਭਾਰਤੀ ਫੌਜ ਦੁਸ਼ਮਣ ਦੀ ਹਰ ਨਾਪਾਕ ਕੋਸ਼ਿਸ਼ ਦਾ ਮੂੰਹਤੋੜ ਜਵਾਬ ਦੇਣ ’ਚ ਸਮਰੱਥ ਹੈ। ਸ਼ੁੱਕਰਵਾਰ ਸ਼ਿਮਲਾ ਪੁੱਜੇ ਜਨਰਲ ਨਰਵਣੇ ਨੇ ਰਾਜ ਭਵਨ ’ਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਨਾਲ ਮੁਲਾਕਾਤ ਕੀਤੀ। ਉਨ੍ਹਾਂ ਫੌਜ ਅਤੇ ਹਿਮਾਚਲ ਦੇ ਸਰਹੱਦੀ ਖੇਤਰਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਜਨਰਲ ਨਰਵਣੇ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਸ਼ਿਮਲਾ ’ਚ ਆਰ. ਟ੍ਰੈਕ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕਾ ਹਾਂ। ਮੈਂ ਹਿਮਾਚਲ ਨੂੰ ਆਪਣਾ ਪੁਰਾਣਾ ਘਰ ਮੰਨਦਾ ਹਾਂ। ਇਥੇ ਆ ਕੇ ਮੈਨੂੰ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਚੀਨ ਨਾਲ ਲੱਗਦੀ ਸਰਹੱਦ ਦਾ ਸਵਾਲ ਹੈ, ਗੱਲਬਾਤ ਚੱਲ ਰਹੀ ਹੈ। ਚਿੰਤਾ ਵਾਲੀ ਕੋਈ ਗੱਲ ਨਹੀਂ। ਸਾਡੇ ਵਲੋਂ ਵੱਡੀ ਪੱਧਰ ’ਤੇ ‘ਮੈਨ ਐਂਡ ਮੈਟੀਰੀਅਲ’ ਤਾਇਨਾਤ ਹੈ। ਫੌਜ ਪੂਰੀ ਤਰ੍ਹਾਂ ਅਲਰਟ ਹੈ।
ਜਨਰਲ ਨਰਵਣੇ ਨੇ ਰਾਜ ਭਵਨ ਕੰਪਲੈਕਸ ਵਿਖੇ ਚਿਨਾਰ ਦਾ ਇਕ ਬੂਟਾ ਵੀ ਲਾਇਆ। ਉਨ੍ਹਾਂ ਸਰਹੱਦੀ ਇਲਾਕਿਆਂ ’ਚ ਨਾਰਕੋ ਟੈਰਾਰਿਜ਼ਮ ’ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਸਥਾਨਕ ਪੱਧਰ ’ਤੇ ਪ੍ਰਸ਼ਾਸਨ ਇਸ ਸਬੰਧੀ ਵਧੀਆ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ
ਚੀਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਫੌਜ ਮੁਖੀ ਦਾ ਦੌਰਾ
ਫੌਜ ਦੇ ਮੁਖੀ ਜਨਰਲ ਨਰਵਣੇ ਦੇ ਹਿਮਾਚਲ ਦੌਰੇ ਨੂੰ ਚੀਨ ਨਾਲ ਜੁੜੇ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਰਹੱਦੀ ਖੇਤਰ ਦਾ ਦੌਰਾ ਕਰਨ ਪਿੱਛੋਂ ਉਥੇ ਚੀਨ ਦੇ ਕਬਜ਼ੇ ਹੇਠਲੇ ਤਿੱਬਤ ਖੇਤਰ ’ਚ ਗੁਆਂਢੀ ਦੇਸ਼ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਣੂ ਕਰਵਾਇਆ ਸੀ। ਉਸ ਤੋਂ ਬਾਅਦ ਹੀ ਫੌਜ ਮੁਖੀ ਦਾ ਸੂਬੇ ਦਾ ਇਹ ਦੌਰਾ ਆਯੋਜਿਤ ਹੋਇਆ ਹੈ। ਫੌਜ ਮੁਖੀ ਨੇ ਤਾਜ਼ਾ ਹਾਲਾਤ ਬਾਰੇ ਰਾਜਪਾਲ ਨਾਲ ਗੱਲਬਾਤ ਕੀਤੀ। ਰਾਜਪਾਲ ਵੀ ਸਰਹੱਦੀ ਖੇਤਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ।
ਫੌਜ ਵਲੋਂ ਅਗਲੇ 5-10 ਸਾਲ ਲਈ ਸਰਹੱਦੀ ਖੇਤਰ ’ਚ ਸੜਕ ਤਿਆਰ ਕਰਨ ਨੂੰ ਲੈ ਕੇ ਯੋਜਨਾ ਬਣਾਈ ਗਈ ਹੈ। ਇੰਝ ਹੋਣ ਨਾਲ ਵੱਖ-ਵੱਖ ਖੇਤਰਾਂ ’ਚ ਵਿਕਾਸ ਤੇਜ਼ੀ ਨਾਲ ਹੋਵੇਗਾ ਅਤੇ ਨੌਜਵਾਨਾਂ ਦੀ ਹਿਜਰਤ ਵੀ ਰੁੱਕ ਜਾਏਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।