ਹਵਾਈ ਫੌਜ ਨੇ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਨਾਂਹ ਕਰਨ ਵਾਲੇ ਕਰਮਚਾਰੀ ਨੂੰ ਕੀਤਾ ਬਰਖਾਸਤ
Friday, Aug 13, 2021 - 10:52 AM (IST)
ਅਹਿਮਦਾਬਾਦ, (ਭਾਸ਼ਾ)– ਕੇਂਦਰ ਸਰਕਾਰ ਨੇ ਗੁਜਰਾਤ ਹਾਈਕੋਰਟ ਨੂੰ ਦੱਸਿਆ ਕਿ ਭਾਰਤੀ ਹਵਾਈ ਫੌਜ ਨੇ ਕੋਵਿਡ-19 ਰੋਕੂ ਟੀਕਾ ਲਗਵਾਉਣ ਤੋਂ ਨਾਂਹ ਕਰਨ ਵਾਲੇ ਆਪਣੇ ਇਕ ਕਰਮਚਾਰੀ ਨੂੰ ਸੇਵ ਤੋਂ ਬਰਖਾਸਤ ਕਰ ਦਿੱਤਾ ਹੈ। ਟੀਕਾ ਲਗਵਾਉਣਾ ਸੇਵਾ ਦੀਆਂ ਸ਼ਰਤਾਂ ’ਚ ਸ਼ਾਮਲ ਕੀਤਾ ਗਿਆ ਸੀ।
ਵਧੀਕ ਸਾਲੀਸਿਟਰ ਜਨਰਲ ਦੇਵਾਂਗ ਵਿਆਸ ਨੇ ਹਵਾਈ ਫੌਜ ਦੇ ਕਾਰਪੋਰਲ ਯੋਗੇਂਦਰ ਕੁਮਾਰ ਦੀ ਪਟੀਸ਼ਨ ’ਤੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਆਪਣੀ ਪ੍ਰਤੀਨਿਧਤਾ ’ਚ ਇਹ ਦੱਸਿਆ। ਉਨ੍ਹਾਂ ਨੇ ਜੱਜ ਏ. ਜੇ. ਦੇਸਾਈ ਅਤੇ ਜੱਜ ਏ. ਪੀ. ਠਾਕੁਰ ਦੀ ਬੈਂਚ ਨੂੰ ਦੱਸਿਆ ਕਿ ਪੂਰੇ ਭਾਰਤ ’ਚ 9 ਕਰਮਚਾਰੀਆਂ ਨੇ ਟੀਕਾ ਲਗਵਾਉਣ ਤੋਂ ਨਾਂਹ ਕੀਤੀ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਵਿਆਸ ਨੇ ਹਾਈਕੋਰਟ ਨੂੰ ਦੱਸਿਆ ਕਿ ਇਨ੍ਹਾਂ ’ਚੋਂ ਇਕ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਅਤੇ ਉਸ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਨੇ ਬਰਖਾਸਤ ਕੀਤੇ ਗਏ ਕਰਮਚਾਰੀਆਂ ਦਾ ਨਾਂ ਅਤੇ ਹੋਰ ਕੋਈ ਵੇਰਵਾ ਨਹੀਂ ਦਿੱਤਾ।
ਵਿਆਸ ਨੇ ਇਹ ਵੀ ਕਿਹਾ ਕਿ ਕਿਉਂਕਿ ਕਾਰਪੋਰਲ ਯੋਗੇਂਦਰ ਕੁਮਾਰ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਹੈ, ਇਸ ਲਈ ਉਹ ਕਿਸੇ ਉਚਿੱਤ ਅਧਿਕਾਰ ਜਾਂ ਹਥਿਆਰਬੰਦ ਫੋਰਸ ਅਥਾਰਿਟੀ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਕੋਵਿਡ-19 ਦਾ ਟੀਕਾ ਲਗਾਉਣ ਦੀ ਗੈਰ-ਇੱਛਾ ਤੋਂ ਬਾਅਦ ਜਾਰੀ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਯੋਗੇਂਦਰ ਕੁਮਾਰ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਬੁੱਧਵਾਰ ਨੂੰ ਹਵਾਈ ਫੌਜ ਨੂੰ ਉਨ੍ਹਾਂ ਦੇ ਮਾਮਲੇ ’ਤੇ ਮੁੜ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਟੀਕਾਕਰਨ ਲਈ ਗੈਰ-ਇਛੁੱਕ ਪਟੀਸ਼ਨਕਰਤਾ ਨੂੰ ਅੰਤਰਿਮ ਰਾਹਤ ਦਿੱਤੀ ਅਤੇ ਉਸ ਦੇ ਮਾਮਲੇ ’ਚ ਹਵਾਈ ਫੌਜ ਵਲੋਂ ਵਿਚਾਰ ਕੀਤੇ ਜਾਣ ਤੱਕ ਉਸ ਨੂੰ ਸੇਵਾ ’ਚ ਰਹਿਣ ਦੇਣ ਦਾ ਆਦੇਸ਼ ਦੇ ਕੇ ਉਸ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ।