ਭਾਰਤੀ ਹਵਾਈ ਫੌਜ ਦੀ ਪਹਿਲੀ ਅਧਿਕਾਰੀ ਬੀਬੀ ਦਾ ਦਿਹਾਂਤ
Wednesday, Oct 21, 2020 - 03:38 PM (IST)
ਬੈਂਗਲੁਰੂ- ਭਾਰਤੀ ਹਵਾਈ ਫੌਜ ਦੀ ਪਹਿਲੀ ਅਧਿਕਾਰੀ ਬੀਬੀ ਵਿੰਗ ਕਮਾਂਡਰ (ਛੁੱਟੀ ਪ੍ਰਾਪਤ) ਵਿਜਯਲਕਸ਼ਮੀ ਰਮਣਨ ਦਾ ਦਿਹਾਂਤ ਹੋ ਗਿਆ ਹੈ। ਉਹ 96 ਸਾਲ ਦੀ ਸੀ। ਉਨ੍ਹਾਂ ਦੇ ਜਵਾਈ ਐੱਸ.ਐੱਲ.ਵੀ. ਨਾਰਾਇਣ ਨੇ ਦੱਸਿਆ ਕਿ ਵਿਸ਼ੇਸ਼ ਸੇਵਾ ਮੈਡਲ (ਵੀ.ਐੱਸ.ਐੱਮ.) ਨਾਲ ਸਨਮਾਨਤ ਡਾ. ਰਮਣਨ ਦਾ ਐਤਵਾਰ ਨੂੰ ਉਮਰ ਸੰਬੰਧੀ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਇੱਥੇ ਆਪਣੀ ਧੀ ਦੇ ਘਰ ਆਖਰੀ ਸਾਹ ਲਿਆ। ਰਮਣਨ ਦਾ ਜਨਮ ਫਰਵਰੀ 1924 ਨੂੰ ਹੋਇਆ ਸੀ। ਐੱਮ.ਬੀ.ਬੀ.ਐੱਸ. ਕਰਨ ਤੋਂ ਬਾਅਦ ਉਹ 22 ਅਗਸਤ 1955 ਨੂੰ ਫੌਜ ਦੀ ਮੈਡੀਕਲ ਕੋਰ 'ਚ ਸ਼ਾਮਲ ਹੋ ਗਈ ਸੀ ਅਤੇ ਉਨ੍ਹਾਂ ਨੂੰ ਉਸੇ ਦਿਨ ਹਵਾਈ ਫੌਜ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਹਵਾਈ ਫੌਜ ਦੇ ਵੱਖ-ਵੱਖ ਹਸਪਤਾਲਾਂ 'ਚ ਇਸਤਰੀ ਰੋਗ ਮਾਹਰ ਦੇ ਰੂਪ 'ਚ ਕੰਮ ਕੀਤਾ। ਉਨ੍ਹਾਂ ਨੇ ਯੁੱਧਾਂ ਦੌਰਾਨ ਜ਼ਖਮੀ ਹੋਏ ਫੌਜੀਆਂ ਦਾ ਵੀ ਇਲਾਜ ਕੀਤਾ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਵੀ ਅੰਜਾਮ ਦਿੱਤਾ। ਅਗਸਤ 1972 'ਚ ਉਨ੍ਹਾਂ ਨੂੰ ਵਿੰਗ ਕਮਾਂਡਰ ਦੀ ਰੈਂਕ ਦੇ ਰੂਪ 'ਚ ਤਰੱਕੀ ਮਿਲੀ ਸੀ। 5 ਸਾਲ ਬਾਅਦ ਉਨ੍ਹਾਂ ਨੂੰ ਵਿਸ਼ੇਸ਼ ਸੇਵਾ ਮੈਡਲ ਮਿਲਿਆ ਸੀ। ਫਰਵਰੀ 1979 'ਚ ਉਹ ਸੇਵਾਮੁਕਤ ਹੋ ਗਈ ਸੀ। ਉਨ੍ਹਾਂ ਦੇ ਮਰਹੂਮ ਪਤੀ ਕੇ. ਵੀ ਰਮਣਨ ਵੀ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਸਨ। ਉਨ੍ਹਾਂ ਦੇ ਪਰਿਵਾਰ 'ਚ ਇਕ ਪੁੱਤਰ ਅਤੇ ਇਕ ਧੀ ਹੈ। ਰਮਣਨ ਕਰਨਾਟਕ ਸੰਗੀਤ 'ਚ ਵੀ ਸਿੱਖਿਅਤ ਸਨ ਅਤੇ ਬਹੁਤ ਹੀ ਘੱਟ ਉਮਰ 'ਚ ਉਨ੍ਹਾਂ ਨੇ ਆਕਾਸ਼ਵਾਣੀ ਕਲਾਕਾਰ ਦੇ ਰੂਪ 'ਚ ਵੀ ਕੰਮ ਕੀਤਾ।