ਸੇਬੀ ਦਾ ਵੱਡਾ ਪ੍ਰਸਤਾਵ, ਨਿਵੇਸ਼ਕਾਂ ਲਈ ਦਸਤਾਵੇਜ਼ ਪ੍ਰਕਿਰਿਆ ਸਰਲ ਬਣਾਉਣ ਦੀ ਕਹੀ ਗੱਲ
Wednesday, Nov 26, 2025 - 11:58 PM (IST)
ਨਵੀਂ ਦਿੱਲੀ, (ਭਾਸ਼ਾ)- ਸੇਬੀ ਨੇ ਸਕਿਓਰਿਟੀਜ਼ ਦੀ ਕਾਪੀ ਜਾਰੀ ਕਰਨ ਲਈ ਲੋੜੀਂਦੇ ਸਰਲ ਦਸਤਾਵੇਜ਼ ਦੀ ਮੁਦਰਾ ਹੱਦ ਨੂੰ ਮੌਜੂਦਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਦਾ ਉਦੇਸ਼ ਨਿਵੇਸ਼ਕਾਂ ਲਈ ਪਾਲਣਾ ਨੂੰ ਸੌਖਾ ਬਣਾਉਣਾ ਅਤੇ ਦਸਤਾਵੇਜ਼ਾਂ ’ਚ ਅੰਤਰ ਨੂੰ ਦੂਰ ਕਰਨਾ ਹੈ।
ਸਕਿਓਰਿਟੀ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਕਿਹਾ ਕਿ ਦਸਤਾਵੇਜ਼ਾਂ ਦੇ ਗੈਰ-ਮਾਪਦੰਡ ਅਤੇ ਰਜਿਸਟਰਾਰ ਟ੍ਰਾਂਸਫਰ ਏਜੰਟ (ਆਰ.ਟੀ.ਏ.)/ਸੂਚੀਬੱਧ ਕੰਪਨੀਆਂ ਵੱਲੋਂ ਅਪਣਾਏ ਗਏ ਵੱਖ-ਵੱਖ ਤਰੀਕਿਆਂ ਕਾਰਨ ਨਿਵੇਸ਼ਕਾਂ ਨੂੰ ਵੱਖ-ਵੱਖ ਸੂਚੀਬੱਧ ਕੰਪਨੀਆਂ ਲਈ ਵੱਖ-ਵੱਖ ਦਸਤਾਵੇਜ਼ ਤਿਆਰ ਕਰਨ ’ਚ ਪ੍ਰੇਸ਼ੀਨੀ ਆਉਂਦੀ ਹੈ। ਰੈਗੂਲੇਟਰ ਨੇ ਇਹ ਵੀ ਕਿਹਾ ਕਿ ਸਰਲ ਦਸਤਾਵੇਜ਼ ਪ੍ਰਾਪਤ ਕਰਨ ਲਈ 5 ਲੱਖ ਰੁਪਏ ਦੀ ਮੌਜੂਦਾ ਹੱਦ ਕਈ ਸਾਲ ਪਹਿਲਾਂ ਨਿਰਧਾਰਤ ਕੀਤੀ ਗਈ ਸੀ। ਉਦੋਂ ਤੋਂ ਦੇਸ਼ ਦਾ ਸਕਿਓਰਿਟੀ ਬਾਜ਼ਾਰ ਪੂੰਜੀਕਰਣ, ਨਿਵੇਸ਼ਕਾਂ ਦੀ ਭਾਗੀਦਾਰੀ ਅਤੇ ਔਸਤ ਨਿਵੇਸ਼ ਆਕਾਰ ਦੇ ਮਾਮਲੇ ਵਿਚ ਕਾਫ਼ੀ ਅੱਗੇ ਵਧ ਗਿਆ ਹੈ।
ਸਰਲ ਦਸਤਾਵੇਜ਼ੀ ਪ੍ਰਣਾਲੀ ਤਹਿਤ ਨਿਵੇਸ਼ਕਾਂ ਨੂੰ ਐੱਫ.ਆਈ.ਆਰ., ਪੁਲਸ ਸ਼ਿਕਾਇਤ, ਅਦਾਲਤੀ ਹੁਕਮ ਜਾਂ ਅਖਬਾਰਾਂ ’ਚ ਇਸ਼ਤਿਹਾਰਾਂ ਦੀਆਂ ਕਾਪੀਆਂ ਦਾਇਰ ਕਰਨ ਤੋਂ ਛੋਟ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸੇਬੀ ਨੇ ਕਿਹਾ ਕਿ ਵਿਅਕਤੀਗਤ ਸਕਿਓਰਿਟੀ ਹੋਲਡਿੰਗਜ਼ ਦੀ ਕੀਮਤ ’ਚ ਕਾਫ਼ੀ ਵਾਧਾ ਹੋਇਆ ਹੈ। ਨਤੀਜੇ ਵਜੋਂ, ਪਹਿਲਾਂ ਵਾਲੀ ਹੱਦ ਨੂੰ ਬਣਾਈ ਰੱਖਣਾ ਮੌਜੂਦਾ ਬਾਜ਼ਾਰ ਹਕੀਕਤਾਂ ਦੇ ਅਨੁਕੂਲ ਨਹੀਂ ਹੈ ਅਤੇ ਨਿਵੇਸ਼ਕਾਂ ਲਈ ਪ੍ਰਕਿਰਿਆ ਸਬੰਧੀ ਰੁਕਾਵਟਾਂ ਪੈਦਾ ਕਰਦਾ ਹੈ।
