ਜੰਗੀ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ, ਹਵਾਈ ਫੌਜ ਨੇ ਕੀਤਾ ਡਰੋਨ ਰੋਕੂ ਸਮਰੱਥਾ ਦਾ ਪ੍ਰੀਖਣ
Monday, Aug 03, 2026 - 01:04 PM (IST)
ਜੈਸਲਮੇਰ (ਏਜੰਸੀ)- ਭਾਰਤੀ ਹਵਾਈ ਫੌਜ ਦਾ ਰਾਜਸਥਾਨ ਦੇ ਪੋਖਰਨ ‘ਫੀਲਡ ਫਾਇਰਿੰਗ ਰੇਂਜ’ ’ਚ ਇਕ ਹਫ਼ਤੇ ਤੱਕ ਚੱਲਿਆ ਫੌਜੀ ਅਭਿਆਸ ‘ਰੋਟਰ ਕਲੈਪ-3’ ਸਫ਼ਲਤਾਪੂਰਵਕ ਸੰਪੰਨ ਹੋ ਗਿਆ ਅਤੇ ਇਸ ਦੌਰਾਨ ਹਵਾਈ ਫੌਜ ਦੀਆਂ ਅਪ੍ਰੇਸ਼ਨਲ ਤਿਆਰੀਆਂ ਅਤੇ ਡਰੋਨ ਰੋਕੂ ਸਮਰੱਥਾਵਾਂ ਦਾ ਵਿਆਪਕ ਪ੍ਰੀਖਣ ਅਤੇ ਪ੍ਰਦਰਸ਼ਨ ਕੀਤਾ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਸਥਾਨ ’ਚ ਰੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ, ਇਹ ਅਭਿਆਸ ਮਨੁੱਖ-ਰਹਿਤ ਹਵਾਈ ਪ੍ਰਣਾਲੀਆਂ ਦੇ ਮੁਕਾਬਲੇ ਦੇ ਵਿਸ਼ੇ ’ਤੇ ਕੇਂਦ੍ਰਿਤ ਸੀ, ਜਿਸ ’ਚ ਭਾਰਤੀ ਹਵਾਈ ਫੌਜ ਦੀਆਂ ਕਈ ਹੈਲੀਕਾਪਟਰ ਇਕਾਈਆਂ ਨੇ ਹਿੱਸਾ ਲਿਆ।
ਸੂਤਰਾਂ ਨੇ ਦੱਸਿਆ ਕਿ ਅਭਿਆਸ ਦਾ ਮੁੱਖ ਮਕਸਦ ਉੱਭਰਦੇ ਹਵਾਈ ਖ਼ਤਰਿਆਂ ਦੇ ਵਿਰੁੱਧ ਅਪ੍ਰੇਸ਼ਨਲ ਤਿਆਰੀਆਂ ਦਾ ਪ੍ਰੀਖਣ ਕਰਨਾ ਅਤੇ ਬਦਲਦੇ ਜੰਗ ਦੇ ਮੈਦਾਨ ਦੀਆਂ ਚੁਣੌਤੀਆਂ ਦੇ ਅਨੁਕੂਲ ਹਵਾਈ ਫੌਜ ਦੀਆਂ ਜੰਗੀ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਅਭਿਆਸ ਦਾ ਮੁੱਖ ਕੇਂਦਰ ਮਨੁੱਖ-ਰਹਿਤ ਹਵਾਈ ਪ੍ਰਣਾਲੀਆਂ (ਯੂ. ਏ. ਐੱਸ.) ਤੋਂ ਵਧਦੇ ਖ਼ਤਰੇ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਮੁਕਾਬਲਾ ਕਰਨ ਲਈ ਹਵਾਈ ਫੌਜ ਦੇ ਹੈਲੀਕਾਪਟਰ ਬੇੜੇ ਦੀ ਅਪ੍ਰੇਸ਼ਨਲ ਸਮਰੱਥਾ ਨੂੰ ਮਜ਼ਬੂਤ ਬਣਾਉਣਾ ਸੀ।
ਇਸ ਦੇ ਨਾਲ ਹੀ ਅਸਲ ਜੰਗ ਵਰਗੇ ਹਾਲਾਤਾਂ ’ਚ ਏਕੀਕ੍ਰਿਤ ਹੈਲੀਕਾਪਟਰ ਆਪ੍ਰੇਸ਼ਨਾਂ ਲਈ ਰਣਨੀਤੀਆਂ, ਕਾਰਜ-ਪ੍ਰਣਾਲੀਆਂ ਅਤੇ ਮਿਆਰੀ ਪ੍ਰਕਿਰਿਆਵਾਂ ਦਾ ਵੀ ਪ੍ਰੀਖਣ ਕੀਤਾ ਗਿਆ। ਅਭਿਆਸ ’ਚ ਹਵਾਈ ਫੌਜ ਦੇ ਲੱਗਭਗ ਸਾਰੇ ਮੁੱਖ ਹੈਲੀਕਾਪਟਰ ਪਲੇਟਫਾਰਮਾਂ ਨੇ ਭਾਗ ਲਿਆ ਅਤੇ ਵੱਖ-ਵੱਖ ਰਣਨੀਤਕ ਆਪ੍ਰੇਸ਼ਨਾਂ ਰਾਹੀਂ ਆਪਣੀ ਜੰਗੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਸੂਤਰਾਂ ਅਨੁਸਾਰ ਇਨ੍ਹਾਂ ’ਚ ਸਟੀਕ ਨਿਸ਼ਾਨੇਬਾਜ਼ੀ, ਜੰਗ ਦੇ ਮੈਦਾਨ ’ਚ ਸਹਾਇਤਾ, ਫੌਜੀਆਂ ਦੀ ਤਾਇਨਾਤੀ, ਜ਼ਖਮੀ ਜਵਾਨਾਂ ਦੀ ਸੁਰੱਖਿਅਤ ਨਿਕਾਸੀ ਅਤੇ ਹਵਾਈ ਤੇ ਜ਼ਮੀਨੀ ਦੋਵਾਂ ਤਰ੍ਹਾਂ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਤਾਲਮੇਲ ਵਾਲੇ ਆਪ੍ਰੇਸ਼ਨ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
