ਹਵਾਈ ਫੌਜ ਦੀ ਬਹਾਦਰੀ ਨੂੰ ਜਾਣਨ ਦਾ ਮੌਕਾ ਦੇਵੇਗੀ ਸਫੇਦ ਸਾਗਰ : ਜਿੰਮੀ ਸ਼ੇਰਗਿੱਲ

Monday, Aug 03, 2026 - 01:21 PM (IST)

ਹਵਾਈ ਫੌਜ ਦੀ ਬਹਾਦਰੀ ਨੂੰ ਜਾਣਨ ਦਾ ਮੌਕਾ ਦੇਵੇਗੀ ਸਫੇਦ ਸਾਗਰ : ਜਿੰਮੀ ਸ਼ੇਰਗਿੱਲ

ਮੁੰਬਈ- ਜਦੋਂ ਵੀ ਦੇਸ਼ ਦੀ ਰੱਖਿਆ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ’ਚ ਫੌਜ ਦੇ ਜਵਾਨਾਂ ਦੀ ਤਸਵੀਰ ਉੱਭਰਦੀ ਹੈ। ਆਰਮੀ ਦੀ ਬਹਾਦਰੀ ਤੇ ਕੁਰਬਾਨੀ ’ਤੇ ਕਈ ਬੇਹਤਰੀਨ ਫ਼ਿਲਮਾਂ ਅਤੇ ਸੀਰੀਜ਼ ਬਣ ਚੁੱਕੀਆਂ ਹਨ ਪਰ ਭਾਰਤੀ ਏਅਰਫੋਰਸ ਦੇ ਜਜ਼ਬੇ, ਚੁਣੌਤੀਆਂ ਤੇ ਸੰਘਰਸ਼ ਨੂੰ ਪਰਦੇ ’ਤੇ ਘੱਟ ਹੀ ਦਿਖਾਇਆ ਗਿਆ ਹੈ। ਇਸੇ ਕਮੀਂ ਨੂੰ ਪੂਰਾ ਕਰਨ ਆ ਰਹੀ ਹੈ ਸੀਰੀਜ਼ ‘ਆਪ੍ਰੇਸ਼ਨ ਸਫ਼ੇਦ ਸਾਗਰ’ ਜੋ 7 ਅਗਸਤ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਸੀਰੀਜ਼ ਦਾ ਨਿਰਦੇਸ਼ਨ ਓਨੀ ਸੇਨ ਨੇ ਕੀਤਾ ਹੈ, ਜਦ ਕਿ ਇਸ ਦੇ ਨਿਰਮਾਤਾ ਅਭਿਜੀਤ ਸਿੰਘ ਪਰਮਾਰ ਤੇ ਕੁਸ਼ਲ ਸ਼੍ਰੀਵਾਸਤਵ ਹਨ। ਸੀਰੀਜ਼ ’ਚ ਸਿਧਾਰਥ, ਜਿੰਮੀ ਸ਼ੇਰਗਿੱਲ, ਅਭੈ ਵਰਮਾ ਤੇ ਮਿਹਿਰ ਆਹੂਜਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਸੀਰੀਜ਼ ਬਾਰੇ ਕਾਸਟ ਸਿਧਾਰਥ, ਜਿੰਮੀ ਸ਼ੇਰਗਿੱਲ ਤੇ ਨਿਰਮਾਤਾ ਅਭਿਜੀਤ ਸਿੰਘ ਪਰਮਾਰ ਤੇ ਕੁਸ਼ਲ ਸ਼੍ਰੀਵਾਸਤਵ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਅਸਲੀ ਹੀਰੋ ਸਾਡੇ ਫੌਜੀ : ਜਿੰਮੀ ਸ਼ੇਰਗਿੱਲ

Q ਇਸ ਕਹਾਣੀ ’ਚ ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ?

-ਕਿਸੇ ਵੀ ਫ਼ਿਲਮ ਜਾਂ ਸੀਰੀਜ਼ ਦਾ ਪਹਿਲਾ ਅਸਰ ਕਲਾਕਾਰਾਂ ’ਤੇ ਹੀ ਪੈਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਉਸ ਦੀ ਸਕ੍ਰਿਪਟ ਪੜ੍ਹਦੇ ਹਾਂ। ਸਕ੍ਰਿਪਟ ਨੇ ਵੀ ਸਾਨੂੰ ਕਈ ਅਜਿਹੀਆਂ ਗੱਲਾਂ ਦੱਸੀਆਂ ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ। ਅਸੀਂ ਸਾਰੇ ਕਾਰਗਿਲ ਯੁੱਧ ਨੂੰ ਆਰਮੀ ਦੇ ਨਜ਼ਰੀਏ ਤੋਂ ਜਾਣਦੇ ਸੀ ਪਰ ਭਾਰਤੀ ਹਵਾਈ ਫੌਜ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਸੀਰੀਜ਼ ’ਚ ਯੁੱਧ ਤੋਂ ਪਹਿਲਾਂ ਦੀਆਂ ਤਿਆਰੀਆਂ ਤੇ ਕਈ ਅਣਸੁਣੀਆਂ ਘਟਨਾਵਾਂ ਨੂੰ ਵੀ ਦਿਖਾਇਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਇਤਿਹਾਸ ਦਾ ਇਕ ਅਜਿਹਾ ਪੱਖ ਪਤਾ ਲੱਗੇਗਾ ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਕਦੇ ਵਿਸਥਾਰ ਨਾਲ ਨਹੀਂ ਜਾਣਿਆ।

Q ਤੁਸੀਂ ਦੱਸਿਆ ਸੀ ਕਿ ਤੁਹਾਡਾ ਸੁਪਨਾ ਵੀ ਭਾਰਤੀ ਫੌਜ ’ਚ ਜਾਣ ਦਾ ਸੀ। ਬਚਪਨ ਦਾ ਮਾਹੌਲ ਕਿਹੋ ਜਿਹਾ ਸੀ?

-ਸਾਡੇ ਸਮੇਂ ’ਚ ਲਗਭਗ ਹਰ ਨੌਜਵਾਨ ਹਥਿਆਰਬੰਦ ਬਲਾਂ ’ਚ ਜਾਣਾ ਚਾਹੁੰਦਾ ਸੀ। ਸਾਡੇ ਪਰਿਵਾਰਾਂ ’ਚ ਵੀ ਕੋਈ-ਨਾ-ਕੋਈ ਫੌਜ ਨਾਲ ਜੁੜਿਆ ਹੁੰਦਾ ਸੀ, ਇਸ ਲਈ ਬਚਪਨ ਤੋਂ ਹੀ ਦੇਸ਼ ਸੇਵਾ ਦਾ ਮਾਹੌਲ ਮਿਲਦਾ ਸੀ। ਮੈਨੂੰ ਵੀ ਪੂਰਾ ਯਕੀਨ ਸੀ ਕਿ ਮੈਂ ਚੁਣਿਆ ਜਾਵਾਂਗਾ ਪਰ ਉਸ ਸਮੇਂ ਕੱਟ-ਆਫ਼ ਇੰਨਾ ਵੱਧ ਸੀ ਕਿ ਮੈਂ ਸਫ਼ਲ ਨਹੀਂ ਹੋ ਸਕਿਆ। ਅੱਜ ਵੀ ਮੈਂ ਨੌਜਵਾਨਾਂ ਨੂੰ ਇਹੋ ਕਹਿੰਦਾ ਹਾਂ ਕਿ ਜੇਕਰ ਉਨ੍ਹਾਂ ’ਚ ਸਮਰੱਥਾ ਤੇ ਜਜ਼ਬਾ ਹੈ ਤਾਂ ਜ਼ਰੂਰ ਹਥਿਆਰਬੰਦ ਬਲਾਂ ’ਚ ਜਾਣ ਦੀ ਕੋਸ਼ਿਸ਼ ਕਰਨ। ਫ਼ਿਲਮਾਂ ਦੇ ਸੁਪਰਹੀਰੋ ਵੱਖਰੇ ਹੁੰਦੇ ਹਨ ਪਰ ਅਸਲੀ ਹੀਰੋ ਸਾਡੇ ਫੌਜੀ ਹਨ।

Q ਨੌਜਵਾਨ ਕਲਾਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?

-ਬਹੁਤ ਸ਼ਾਨਦਾਰ। ਪੁਰਾਣੇ ਦਿਨ ਵੀ ਯਾਦ ਆ ਗਏ ਕਿਉਂਕਿ ਕਰੀਅਰ ਦੀ ਸ਼ੁਰੂਆਤ ’ਚ ਮੈਂ ਵੀ ਅਜਿਹੀ ਟ੍ਰੇਨਿੰਗ ਲਈ ਸੀ। ਇਸ ਸ਼ੋਅ ਦੇ ਸਾਰੇ ਨੌਜਵਾਨ ਕਲਾਕਾਰ ਬੇਹੱਦ ਪ੍ਰਤਿਭਾਸ਼ਾਲੀ ਹਨ ਤੇ ਹਰ ਕਿਸੇ ਨੇ ਆਪਣੇ ਕਿਰਦਾਰ ’ਤੇ ਪੂਰੀ ਮਿਹਨਤ ਕੀਤੀ ਹੈ। ਸੈੱਟ ਦਾ ਮਾਹੌਲ ਹਮੇਸ਼ਾ ਹਾਂ-ਪੱਖੀ ਰਿਹਾ। ਜਦੋਂ ਪੂਰੀ ਟੀਮ ਇਕੋ ਸੋਚ ਨਾਲ ਕੰਮ ਕਰਦੀ ਹੈ ਤਾਂ ਉਸ ਦਾ ਅਸਰ ਸਕ੍ਰੀਨ ’ਤੇ ਵੀ ਸਾਫ਼ ਦਿਖਾਈ ਦਿੰਦਾ ਹੈ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਸ਼ੋਅ ਦੇ ਹਰ ਕਿਰਦਾਰ ਨੂੰ ਯਾਦ ਰੱਖਣਗੇ।

ਸਾਰੇ ਕਲਾਕਾਰਾਂ ਨੇ ਏਅਰਫੋਰਸ ਬੇਸ ’ਤੇ ਟ੍ਰੇਨਿੰਗ ਲਈ : ਕੁਸ਼ਲ ਸ਼੍ਰੀਵਾਸਤਵ

Q ਸੀਰੀਜ਼ ਦੀ ਕਹਾਣੀ ਦੀ ਸ਼ੁਰੂਆਤ ਕਿਵੇਂ ਹੋਈ?

-ਮੈਂ 1999 ਤੋਂ 2006 ਤੱਕ ਭਾਰਤੀ ਹਵਾਈ ਫੌਜ ’ਚ ਰਿਹਾ ਹਾਂ। ਕਾਰਗਿਲ ਯੁੱਧ ਦੌਰਾਨ ਜੋ ਕੁਝ ਦੇਖਿਆ, ਮਹਿਸੂਸ ਕੀਤਾ, ਉਹ ਹਮੇਸ਼ਾ ਨਾਲ ਰਿਹਾ। ਬਾਅਦ ’ਚ ਜਦੋਂ ਫ਼ਿਲਮਾਂ ’ਚ ਆਇਆ ਤਾਂ ਲੱਗਾ ਕਿ ਏਅਰਫ਼ੋਰਸ ਨੂੰ ਅੱਜ ਤੱਕ ਸਹੀ ਤਰੀਕੇ ਨਾਲ ਪਰਦੇ ’ਤੇ ਨਹੀਂ ਦਿਖਾਇਆ ਗਿਆ। ਮੈਂ ਇਸ ਵਿਸ਼ੇ ’ਤੇ ਲੰਬੇ ਸਮੇਂ ਤੱਕ ਰਿਸਰਚ ਕੀਤੀ, ਯੁੱਧ ’ਚ ਸ਼ਾਮਲ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਕਹਾਣੀਆਂ ਸੁਣੀਆਂ। ਉਦੋਂ ਹੀ ਮਹਿਸੂਸ ਹੋਇਆ ਕਿ ਇਹ ਸਿਰਫ਼ ਇਕ ਫ਼ਿਲਮ ਨਹੀਂ ਸਗੋਂ ਵਿਸਥਾਰ ਨਾਲ ਦੱਸੀ ਜਾਣ ਵਾਲੀ ਕਹਾਣੀ ਹੈ।

Q ਜਿੰਮੀ ਸ਼ੇਰਗਿੱਲ ਇਸ ਪ੍ਰੋਜਾਕਟ ਨਾਲ ਕਿਵੇਂ ਜੁੜੇ?

-ਜਿੰਮੀ ਭਾਅ ਜੀ ਨਾਲ ਮੇਰਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਮੈਂ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ’ਚ ਉਨ੍ਹਾਂ ਨੂੰ ਅਸਿਸਟ ਕੀਤਾ ਸੀ। ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਸੰਪਰਕ ’ਚ ਰਹੇ। ਇਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਸੀ, “ਪਹਿਲਾਂ ਕੁਝ ਚੰਗਾ ਲਿਖ।” ਉਹ ਗੱਲ ਮੇਰੇ ਦਿਮਾਗ ’ਚ ਰਹਿ ਗਈ। ਜਦੋਂ ਆਪ੍ਰੇਸ਼ਨ ਸਫ਼ੇਦ ਸਾਗਰ ਦੀ ਸਕ੍ਰਿਪਟ ਤਿਆਰ ਹੋਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਹੀ ਗੱਲ ਕੀਤੀ।

ਏਅਰਫੋਰਸ ਦੀ ਦੁਨੀਆ ਆਪਣੇ ਆਪ ’ਚੇ ਬੇਹੱਦ ਰੋਮਾਂਚਕ ਹੈ : ਸੰਜੇ ਰਾਊਤ

Q ਜਦੋਂ ਪ੍ਰਾਜੈਕਟ ਆਇਆ ਤਾਂ ਪ੍ਰਤੀਕਿਰਿਆ ਕੀ ਸੀ?

-ਜਦੋਂ ਅਸੀਂ 200 ਪੰਨਿਆਂ ਦਾ ਪੂਰਾ ਡਾਕਿਊਮੈਂਟ ਪੜ੍ਹਿਆ ਤਾਂ ਉਸੇ ਵੇਲੇ ਤੈਅ ਕਰ ਲਿਆ ਕਿ ਇਹ ਕਹਾਣੀ ਜ਼ਰੂਰ ਬਣਨੀ ਚਾਹੀਦੀ ਹੈ। ਫ਼ਾਈਟਰ ਜੈੱਟ ਤੇ ਏਅਰਫ਼ੋਰਸ ਦੀ ਦੁਨੀਆ ਆਪਣੇ ਆਪ ’ਚ ਬੇਹੱਦ ਰੋਮਾਂਚਕ ਹੈ ਤੇ ਮੈਨੂੰ ਲੱਗਾ ਕਿ ਇਸ ਨੂੰ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ। ਨੈੱਟਫਲਿਕਸ ਪ੍ਰੋਜਾਕਟ ਨਾਲ ਜੁੜਿਆ ਤਾਂ ਭਰੋਸਾ ਮਿਲਿਆ ਕਿ ਅਸੀਂ ਇਸ ਕਹਾਣੀ ਨੂੰ ਉਸੇ ਸਕੇਲ ਤੇ ਗੁਣਵੱਤਾ ਨਾਲ ਬਣਾ ਸਕਾਂਗੇ ਜਿਸ ਦੀ ਇਹ ਹੱਕਦਾਰ ਹੈ।

Q ਸਟਾਰਕਾਸਟ ਨੂੰ ਨਾਲ ਲਿਆਉਣਾ ਕਿੰਨਾ ਮੁਸ਼ਕਿਲ ਸੀ?

-ਇਸ ਦਾ ਸਿਹਰਾ ਕੁਸ਼ਲ, ਅਭਿਜੀਤ ਤੇ ਨਿਰਦੇਸ਼ਕ ਓਨੀ ਨੂੰ ਜਾਂਦਾ ਹੈ। ਉਨ੍ਹਾਂ ਨੇ ਬਹੁਤ ਸਪੱਸ਼ਟ ਸੋਚ ਨਾਲ ਕਾਸਟਿੰਗ ਕੀਤੀ। ਕਿਸ ਕਲਾਕਾਰ ਨੇ ਕਿਹੜਾ ਕਿਰਦਾਰ ਨਿਭਾਉਣਾ ਹੈ, ਇਹ ਪਹਿਲਾਂ ਤੋਂ ਤੈਅ ਸੀ। ਚੰਗੀ ਗੱਲ ਇਹ ਰਹੀ ਕਿ ਜਿਨ੍ਹਾਂ ਨਾਲ ਸੰਪਰਕ ਕੀਤਾ, ਸਾਰਿਆਂ ਨੇ ਕਹਾਣੀ ਸੁਣਨ ਤੋਂ ਬਾਅਦ ਤੁਰੰਤ ਹਾਂ ਕਰ ਦਿੱਤੀ।

ਕਈ ਮਹੀਨੇ ਰਿਸਰਚ, 50-60 ਏਅਰਫੋਰਸ ਵੈਟਰਨਜ਼ ਨਾਲ ਗੱਲ ਕੀਤੀ : ਅਭਿਜੀਤ ਸਿੰਘ

Q ਤੁਹਾਨੂੰ ਇਸ ਕਹਾਣੀ ਨੇ ਕਿਸ ਤਰ੍ਹਾਂ ਜੋੜਿਆ?

-ਮੈਂ ਕਾਰਗਿਲ ਯੁੱਧ ’ਤੇ ਕਾਫ਼ੀ ਪੜ੍ਹਿਆ ਸੀ ਪਰ ਏਅਰਫ਼ੋਰਸ ਦੀ ਭੂਮਿਕਾ ਬਾਰੇ ਮੈਨੂੰ ਵੀ ਬਹੁਤ ਘੱਟ ਜਾਣਕਾਰੀ ਸੀ। ਕੁਸ਼ਲ ਸਰ ਨਾਲ ਮਿਲਣ ਤੋਂ ਬਾਅਦ ਪਹਿਲੀ ਵਾਰ ਉਸ ਦੁਨੀਆ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਅਸਲੀ ਕਹਾਣੀਆਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਅਸੀਂ ਲਗਭਗ 50–60 ਏਅਰਫ਼ੋਰਸ ਵੈਟਰਨਜ਼ ਨਾਲ ਗੱਲਬਾਤ ਕੀਤੀ ਤੇ ਕਈ ਮਹੀਨਿਆਂ ਤੱਕ ਰਿਸਰਚ ਕੀਤੀ।

Q ਕਾਸਟਿੰਗ ਨੂੰ ਲੈ ਕੇ ਤਜਰਬਾ ਕਿਵੇਂ ਰਿਹਾ?

-ਮੈਨੂੰ ਹਮੇਸ਼ਾ ਲੱਗਦਾ ਹੈ ਕਿ ਇਸ ਕਹਾਣੀ ਨੇ ਆਪਣੇ ਕਲਾਕਾਰ ਖ਼ੁਦ ਚੁਣੇ। ਲਗਭਗ ਪੂਰੀ ਕਾਸਟ ਸਾਡੀ ਪਹਿਲੀ ਪਸੰਦ ਸੀ ਅਤੇ ਸਾਰਿਆਂ ਨੇ ਇਸ ਪ੍ਰਾਜੈਕਟ ਨੂੰ ਪੂਰੇ ਦਿਲ ਨਾਲ ਸਵੀਕਾਰ ਕੀਤਾ। ਜਿੰਮੀ ਸਰ ਤੇ ਸਿਧਾਰਥ ਸਣੇ ਸਾਰੇ ਕਲਾਕਾਰਾਂ ਨੇ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ। ਇਸੇ ਸਮਰਪਣ ਨੇ ਪੂਰੀ ਟੀਮ ਨੂੰ ਮਜ਼ਬੂਤ ਬਣਾਇਆ।

ਵਰਦੀ ਪਹਿਣਨਾ ਨਹੀਂ, ਸ਼ਹੀਦ ਦੀ ਸੋਚ ਨੂੰ ਸਮਝਣਾ ਸਭ ਤੋਂ ਵੱਡੀ ਚੁਣੌਤੀ ਸੀ : ਸਿਧਾਰਥ

Q ਆਪ੍ਰੇਸ਼ਨ ਸਫ਼ੇਦ ਸਾਗਰ ਨਾਲ ਜੁੜਨ ਦਾ ਤਜਰਬਾ ਕਿਹੋ ਜਿਹਾ ਰਿਹਾ?

-ਮੇਰੇ ਲਈ ਇਹ ਸਿਰਫ਼ ਇਕ ਪ੍ਰਾਜੈਕਟ ਨਹੀਂ ਸਗੋਂ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਸਨਮਾਨ ਹੈ। ਮੈਂ ‘ਕਿਰਦਾਰ’ ਸ਼ਬਦ ਦੀ ਵਰਤੋਂ ਵੀ ਥੋੜ੍ਹਾ ਸੰਭਲ ਕੇ ਕਰਦਾ ਹਾਂ, ਕਿਉਂਕਿ ਮੈਂ ਕਿਸੇ ਕਾਲਪਨਿਕ ਵਿਅਕਤੀ ਦਾ ਨਹੀਂ, ਸਗੋਂ ਇਕ ਅਜਿਹੇ ਅਸਲੀ ਹੀਰੋ ਦਾ ਰੋਲ ਨਿਭਾ ਰਿਹਾ ਹਾਂ ਜਿਸ ਨੇ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਮੇਰੀ ਕੋਸ਼ਿਸ਼ ਸਿਰਫ਼ ਵਰਦੀ ਪਾਉਣ ਜਾਂ ਪਾਇਲਟ ਵਾਂਗ ਦਿਸਣ ਦੀ ਨਹੀਂ ਸੀ ਸਗੋਂ ਉਸ ਇਨਸਾਨ ਦੀ ਸੋਚ, ਸੰਵੇਦਨਾਵਾਂ ਤੇ ਸ਼ਖ਼ਸੀਅਤ ਨੂੰ ਇਮਾਨਦਾਰੀ ਨਾਲ ਸਮਝ ਕੇ ਪਰਦੇ ’ਤੇ ਉਤਾਰਣ ਦੀ ਸੀ। ਮੈਨੂੰ ਲੱਗਦਾ ਹੈ ਕਿ ਇਹ ਜ਼ਿੰਮੇਵਾਰੀ ਕਿਸੇ ਵੀ ਅਦਾਕਾਰ ਲਈ ਬਹੁਤ ਵੱਡੀ ਹੁੰਦੀ ਹੈ।


author

cherry

Content Editor

Related News