ਭਾਰਤ ਦਾ ਗਲਤ ਨਕਸ਼ਾ ਪੋਸਟ ਕਰ ਕੇ ਟਰੋਲ ਹੋਏ ਸ਼ਸ਼ੀ ਥਰੂਰ, ਬਾਅਦ ''ਚ ਡਿਲੀਟ ਕੀਤਾ ਟਵੀਟ

Saturday, Dec 21, 2019 - 05:42 PM (IST)

ਭਾਰਤ ਦਾ ਗਲਤ ਨਕਸ਼ਾ ਪੋਸਟ ਕਰ ਕੇ ਟਰੋਲ ਹੋਏ ਸ਼ਸ਼ੀ ਥਰੂਰ, ਬਾਅਦ ''ਚ ਡਿਲੀਟ ਕੀਤਾ ਟਵੀਟ

ਤਿਰੁਵਨੰਤਪੁਰਮ— ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਲਈ ਨਿਕਲੇ ਕਾਂਗਰਸ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਖੁਦ ਹੀ ਫਸ ਗਏ ਹਨ। ਉਨ੍ਹਾਂ ਕੇਰਲ ਦੇ ਕੋਝੀਕੋਡ ਵਿਖੇ ਹੋਣ ਵਾਲੇ ਪ੍ਰਦਰਸ਼ਨ ਸਬੰਧੀ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (ਪੀ. ਓ. ਕੇ.) ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ। ਆਪਣੇ ਇਸ ਟਵੀਟ ਪਿੱਛੋਂ ਥਰੂਰ ਟਰੋਲ ਹੋਣਾ ਸ਼ੁਰੂ ਹੋ ਗਏ। ਭਾਜਪਾ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਵਿਵਾਦ ਵਧਣ ਪਿੱਛੋਂ ਥਰੂਰ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।

PunjabKesariਪੀ.ਓ.ਕੇ. ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਗਿਆ ਸੀ
ਥਰੂਰ ਨੇ ਸ਼ੁੱਕਰਵਾਰ ਦੇਰ ਰਾਤ ਗਏ ਟਵੀਟ ਰਾਹੀਂ ਕਿਹਾ ਸੀ ਕਿ ਉਹ ਸ਼ਨੀਵਾਰ ਕਾਂਗਰਸ ਵੱਲੋਂ ਕੋਝੀਕੋਡ ਵਿਖੇ ਕੀਤੇ ਜਾਣ ਵਾਲੇ ਵਿਖਾਵੇ ਦੀ ਅਗਵਾਈ ਕਰਨਗੇ, ਨਾਲ ਹੀ ਉਨ੍ਹਾਂ ਇਕ ਪੋਸਟਰ ਵੀ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਭਾਰਤ ਦਾ ਇਕ ਨਕਸ਼ਾ ਬਣਾਇਆ ਸੀ, ਜਿਸ 'ਚ ਪੀ. ਓ. ਕੇ. ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਗਿਆ ਸੀ। ਇਸ 'ਤੇ ਸੋਸ਼ਲ ਮੀਡੀਆ 'ਚ ਹੰਗਾਮਾ ਖੜ੍ਹਾ ਹੋ ਗਿਆ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਥਰੂਰ ਜਿਨ੍ਹਾਂ ਨੂੰ ਦੁਨੀਆ ਦੀ ਪੂਰੀ ਜਾਣਕਾਰੀ ਹੈ, ਨੇ ਕਿਵੇਂ ਇਹ ਗਲਤੀ ਕਰ ਦਿੱਤੀ? ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜੋ ਭਾਰਤ ਦਾ ਨਕਸ਼ਾ ਠੀਕ ਤਰ੍ਹਾਂ ਨਹੀਂ ਦਿਖਾ ਸਕੇ, ਉਹ ਭਾਰਤ ਨੂੰ ਕੀ ਬਚਾਉਣਗੇ।

ਭਾਜਪਾ ਨੇ ਵੀ ਅਧੂਰੇ ਨਕਸ਼ੇ ਨੂੰ ਲੈ ਕੇ ਥਰੂਰ 'ਤੇ ਬੋਲਿਆ ਹਮਲਾ
ਭਾਜਪਾ ਨੇ ਵੀ ਅਧੂਰੇ ਨਕਸ਼ੇ ਨੂੰ ਲੈ ਕੇ ਥਰੂਰ 'ਤੇ ਹਮਲਾ ਬੋਲਿਆ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕਰ ਕੇ ਸ਼ਸ਼ੀ ਥਰੂਰ ਨੂੰ ਮੁਆਫੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ, ''ਅਜਿਹਾ ਕਿਉਂ ਹੈ ਸ਼ਸ਼ੀ ਥਰੂਰ ਜੀ ਕਿ ਤੁਹਾਡੀ ਪਾਰਟੀ ਅਤੇ ਉਸ ਦੇ ਵਰਕਰ ਜਿਸ ਭਾਰਤ ਦੇ ਨਕਸ਼ੇ ਦਾ ਵਿਗਿਆਪਨ ਕਰ ਰਹੇ ਹਨ, ਨੂੰ ਅਧੂਰਾ ਰੱਖਿਆ ਗਿਆ ਹੈ? ਕੀ ਇਹ ਕਾਂਗਰਸ ਦਾ ਭਾਰਤ ਨੂੰ ਤੋੜਨ, ਵੰਡਣ ਅਤੇ ਬਰਬਾਦ ਕਰਨ ਦਾ ਆਈਡੀਆ ਹੈ? ਕੀ ਥਰੂਰ ਨੂੰ ਭਾਰਤ ਦਾ ਵੱਕਾਰ ਘੱਟ ਕਰਨ ਲਈ ਮੁਆਫੀ ਨਹੀਂ ਮੰਗਣੀ ਚਾਹੀਦੀ?''


author

DIsha

Content Editor

Related News