ਜਾਪਾਨ ਨੂੰ ਪਛਾੜੇਗਾ ਭਾਰਤ, GDP ਛੇਤੀ 4 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਕਰੇਗੀ ਪਾਰ
Thursday, Jul 04, 2024 - 10:58 AM (IST)
ਨਵੀਂ ਦਿੱਲੀ (ਇੰਟ.) - ਭਾਰਤੀ ਅਰਥਵਿਵਸਥਾ ਲਗਾਤਾਰ ਪੀ. ਐੱਮ. ਮੋਦੀ ਦੇ 5 ਟ੍ਰਿਲੀਅਨ ਡਾਲਰ ਦੇ ਟੀਚੇ ਮੁਤਾਬਕ ਅੱਗੇ ਵਧ ਰਹੀ ਹੈ। ਹੁਣ ਛੇਤੀ ਹੀ ਸਾਡੀ ਜੀ. ਡੀ. ਪੀ. 4 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ ਅਤੇ ਅਸੀਂ ਅਰਥਵਿਵਸਥਾ ਦੇ ਮਾਮਲੇ ’ਚ ਜਾਪਾਨ ਨੂੰ ਪਿੱਛੇ ਛੱਡ ਦੇਵਾਂਗੇ।
ਫੋਰਬਸ ਇੰਡੀਆ ਨੇ 1 ਜੁਲਾਈ ਦੇ ਆਈ. ਐੱਮ. ਐੱਫ. ਡਾਟਾ ਦੇ ਆਧਾਰ ’ਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਭਾਰਤ ਦੀ ਜੀ. ਡੀ. ਪੀ. 3,942 ਬਿਲੀਅਨ ਡਾਲਰ ’ਤੇ ਪਹੁੰਚ ਚੁੱਕੀ ਹੈ, ਭਾਵ 3.94 ਟ੍ਰਿਲੀਅਨ ਡਾਲਰ। ਹੁਣ ਕਦੇ ਵੀ ਇਹ 4 ਟ੍ਰਿਲੀਅਨ ਡਾਲਰ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ।
ਭਾਰਤ ਇਸ ਸਮੇਂ 5ਵੇਂ ਸਥਾਨ ’ਤੇ
ਦੁਨੀਆ ਦੀਆਂ ਟਾਪ-5 ਅਰਥਵਿਵਸਥਾਵਾਂ ’ਚ ਭਾਰਤ ਇਸ ਸਮੇਂ ਪੰਜਵੇਂ ਸਥਾਨ ’ਤੇ ਹੈ। ਭਾਰਤ ਤੋਂ ਉੱਤੇ ਚੌਥੇ ਸਥਾਨ ’ਤੇ ਜਾਪਾਨ ਹੈ। ਜਾਪਾਨ ਦੀ ਜੀ. ਡੀ. ਪੀ. 4,112 ਬਿਲੀਅਨ ਡਾਲਰ ਹੈ। ਕਿਉਂਕਿ ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਵੱਡੀਆਂ ਅਰਥਵਿਵਸਥਾਵਾਂ ’ਚ ਸਭ ਤੋਂ ਜ਼ਿਆਦਾ ਹੈ, ਇਸ ਲਈ ਭਾਰਤ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਛੇਤੀ ਹੀ ਜਾਪਾਨ ਨੂੰ ਪਿੱਛੇ ਛੱਡ ਦੇਵੇਗੀ ਅਤੇ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਜਾਵੇਗੀ।
ਜਾਪਾਨ ਤੋਂ ਉੱਤੇ ਤੀਸਰੇ ਸਥਾਨ ’ਤੇ ਜਰਮਨੀ ਹੈ। ਇਸ ਦੀ ਜੀ. ਡੀ. ਪੀ. 4,590 ਬਿਲੀਅਨ ਡਾਲਰ ਹੈ। ਭਾਵ ਸਾਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਚ ਵੀ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਣ ਵਾਲਾ ਹੈ। ਇਸ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਹੈ, ਜਿਸ ਦੀ ਜੀ. ਡੀ. ਪੀ. 18,536 ਬਿਲੀਅਨ ਡਾਲਰ ਹੈ। ਟਾਪ ’ਤੇ ਮੌਜੂਦ ਅਮਰੀਕਾ ਦੀ ਜੀ. ਡੀ. ਪੀ. 28,783 ਬਿਲੀਅਨ ਡਾਲਰ ਹੈ।
5 ਟ੍ਰਿਲੀਅਨ ਡਾਲਰ ਤੱਕ ਪੁੱਜਣ ’ਚ ਲੱਗਣਗੇ 2 ਸਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਸੰਜੀਵ ਸਾਨਿਆਲ ਨੇ ਵੀ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. ਇਸ ਸਾਲ 4 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ ਅਤੇ ਅਸੀਂ ਜਾਪਾਨ ਦੀ ਮੁਕਾਬਲਾ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਵੱਡੇ ਦੇਸ਼ਾਂ ’ਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ’ਚ ਅੱਗੇ ਵਧਣਾ ਜਾਰੀ ਰੱਖੇਗਾ।
ਪਿਛਲੇ ਸਾਲ ਭਾਰਤ ਦੀ ਵਾਧਾ ਦਰ 8.2 ਫੀਸਦੀ ਰਹੀ ਸੀ ਅਤੇ ਇਸ ਸਾਲ ਇਸ ਦੇ 7 ਫੀਸਦੀ ਤੋਂ ਵੱਧ ਰਹਿਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ 4 ਟ੍ਰਿਲੀਅਨ ਡਾਲਰ ਤੋਂ ਬਾਅਦ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ’ਚ ਸਿਰਫ 2 ਸਾਲ ਲੱਗਣਗੇ।
ਅਜਿਹੀ ਹੈ ਅਰਥਵਿਵਸਥਾ ਦੀ ਰਫਤਾਰ
ਸਾਨਿਆਲ ਨੇ ਕੈਂਬਰਿਜ ਇੰਡੀਆ ਕਾਨਫਰੰਸ ’ਚ ਕਿਹਾ ਕਿ ਉਦਾਰੀਕਰਨ ਤੋਂ ਬਾਅਦ ਭਾਰਤ ਨੂੰ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ’ਚ 16-17 ਸਾਲ ਲੱਗੇ। ਅਰਥਵਿਵਸਥਾ ਨੂੰ 2 ਟ੍ਰਿਲੀਅਨ ਡਾਲਰ ਤੱਕ ਪੁੱਜਣ ’ਚ 7 ਸਾਲ ਲੱਗੇ। ਭਾਰਤ 3 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ 2021-22 ’ਚ ਬਣਿਆ। ਇਸ ’ਚ 5 ਸਾਲ ਲੱਗਣੇ ਚਾਹੀਦੇ ਸਨ ਪਰ ਕੋਵਿਡ ਕਾਰਨ 2 ਸਾਲ ਬਰਬਾਦ ਹੋ ਗਏ। ਹੁਣ 4 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਅੰਕੜਾ ਅਸੀਂ ਸਿਰਫ 3 ਸਾਲ ’ਚ ਪਾਰ ਕਰ ਰਹੇ ਹਾਂ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ’ਚ ਸਿਰਫ 2 ਸਾਲ ਲੱਗਣਗੇ।