ਭਾਰਤ 25 ਸਾਲਾਂ 'ਚ 35,000 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ: ਗੋਇਲ
Saturday, Nov 09, 2024 - 02:50 PM (IST)
ਪਣਜੀ (ਏਜੰਸੀ)- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਵਿਕਾਸ ਕਹਾਣੀ ਅਗਲੇ 25 ਸਾਲਾਂ ਵਿਚ ਦੇਸ਼ ਦੀ ਮੌਜੂਦਾ 3,500 ਅਰਬ ਡਾਲਰ ਦੀ ਅਰਥਵਿਵਸਥਾ ਨੂੰ 35,000 ਅਰਬ ਅਮਰੀਕੀ ਡਾਲਰ ਤੱਕ ਲੈ ਜਾਵੇਗੀ। 'ਅਮੇਜ਼ਿੰਗ ਗੋਆ ਗਲੋਬਲ ਬਿਜ਼ਨੈੱਸ ਸਮਿਟ' 2024 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੈ ਅਤੇ ਇਹ ਤਿੰਨ ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਵਿਸ਼ਵ ਅਰਥਵਿਵਸਥਾ ਬਣਨ ਦੇ ਰਾਹ 'ਤੇ ਹੈ। 'ਵਾਈਬ੍ਰੈਂਟ ਗੋਆ ਫਾਊਂਡੇਸ਼ਨ' ਦੀ ਪਹਿਲਕਦਮੀ 'ਤੇ ਆਯੋਜਿਤ ਸੰਮੇਲਨ ਦੇ ਉਦਘਾਟਨੀ ਸਮਾਰੋਹ 'ਚ ਮੁੱਖ ਮੰਤਰੀ ਪ੍ਰਮੋਦ ਸਾਵੰਤ, ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਸਮੇਤ ਕਈ ਹੋਰ ਸ਼ਖਸੀਅਤਾਂ ਮੌਜੂਦ ਰਹੀਆਂ। ਗੋਇਲ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ... ਅੱਜ ਅਸੀਂ ਜੋ ਕਰ ਰਹੇ ਹਾਂ, ਉਹ ਸਭ ਤੋਂ ਵਧੀਆ ਅਤੇ ਵਿਆਪਕ ਹੈ। ਅਸੀਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਅਤੇ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਕੇਂਦਰਿਤ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੇ ਹਾਂ, ਜਦੋਂ (2047 ਵਿੱਚ) ਅਸੀਂ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਵਾਂਗੇ।"
ਇਹ ਵੀ ਪੜ੍ਹੋ: ਲਾਹੌਰ 'ਚ AQI ਫਿਰ 1000 ਤੋਂ ਪਾਰ, ਪਾਰਕਾਂ ਅਤੇ ਖੇਡ ਮੈਦਾਨਾਂ 'ਚ ਦਾਖਲੇ 'ਤੇ ਪਾਬੰਦੀ
ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਕਹਾਣੀ ਅਗਲੇ 25 ਸਾਲਾਂ ਵਿੱਚ ਸਾਡੀ ਆਰਥਿਕਤਾ ਨੂੰ 3,500 ਬਿਲੀਅਨ ਅਮਰੀਕੀ ਡਾਲਰ ਤੋਂ 35,000 ਅਰਬ ਅਮਰੀਕੀ ਡਾਲਰ ਤੱਕ ਲੈ ਜਾਵੇਗੀ। ਗੋਇਲ ਨੇ ਕਿਹਾ, ''ਇਹ 10 ਗੁਣਾ ਵਾਧਾ ਭਾਰਤ ਦੀ ਮਜ਼ਬੂਤ ਆਰਥਿਕ ਬੁਨਿਆਦ'ਤੇ ਆਧਾਰਿਤ ਹੈ। ਅਸੀਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਘੱਟ ਮੁਦਰਾਸਫੀਤੀ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਅਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਦੇ ਕਾਰਨ, ਦੇਸ਼ ਨੂੰ 10 ਸਾਲਾਂ ਵਿੱਚ ਉਸ ਤੋਂ ਪਿਛਲੇ ਦਹਾਕੇ ਦੇ ਮੁਕਾਬਲੇ ਦੁੱਗਣਾ ਸਿੱਧਾ ਵਿਦੇਸ਼ੀ ਨਿਵੇਸ਼ (FDI) ਆਇਆ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਸ ਮੌਕੇ ਕਿਹਾ ਕਿ, “ਅੱਜ ਅਸੀਂ ਇੱਥੇ ਨਵੇਂ ਗੋਆ ਨੂੰ ਪੇਸ਼ ਕਰਨ ਲਈ ਆਏ ਹਾਂ, ਜੋ ਕਿ ਭਵਿੱਖ ਵਿੱਚ ਇੱਕ ਜੀਵੰਤ ਨਿਵੇਸ਼ ਸਥਾਨ ਵਜੋਂ ਉਭਰਨ ਲਈ ਤਿਆਰ ਹੈ। ਅਸੀਂ ਸੈਰ-ਸਪਾਟੇ ਤੋਂ ਅੱਗੇ ਵੱਧ ਕੇ ਰਾਜ ਨੂੰ ਉੱਭਰ ਰਹੇ ਉਦਯੋਗਾਂ ਦਾ ਇੱਕ ਪ੍ਰਫੁੱਲਤ ਕੇਂਦਰ ਬਣਾਉਣ ਲਈ ਕੰਮ ਕਰ ਰਹੇ ਹਾਂ, ਜਿਸ ਨਾਲ ਗੋਆ ਨੂੰ ਵਿਸ਼ਵ ਦੇ ਨਕਸ਼ੇ 'ਤੇ ਮਾਨਤਾ ਮਿਲੇਗੀ।'' ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਜੋਖਮ ਵਿਸ਼ਲੇਸ਼ਣ ਦੇ ਮਾਮਲੇ ਵਿਚ ਸਭ ਤੋਂ ਘੱਟ ਜੋਖਮ ਵਾਲੇ ਦੇਸ਼ਾਂ ਵਿੱਚੋਂ ਇਕ ਹੈ। ਇਸ ਤਿੰਨ ਦਿਨਾਂ 'ਅਮੇਜ਼ਿੰਗ ਗੋਆ ਗਲੋਬਲ ਬਿਜ਼ਨੈੱਸ ਸਮਿਟ' 2024 ਵਿਚ ਤੱਟਵਰਤੀ ਰਾਜ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਵੱਖ-ਵੱਖ ਸੈਸ਼ਨ, ਬਿਜ਼ਨੈੱਸ-ਟੂ-ਬਿਜ਼ਨੈੱਸ ਮੀਟਿੰਗਾਂ ਅਤੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪਾਕਿਸਤਾਨ ਝੂਠ ਫੈਲਾਉਣਾ ਬੰਦ ਕਰੇ, ਇਸ ਨਾਲ ਤੱਥ ਨਹੀਂ ਬਦਲਣਗੇ: ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8