ਪੂਰਬੀ ਏਸ਼ੀਆ ਸੰਮੇਲਨ ''ਚ ਅੱਜ ਭਾਰਤ ਦੀ ਨੁਮਾਇੰਦਗੀ ਕਰਨਗੇ ਐੱਸ. ਜੈਸ਼ੰਕਰ
Saturday, Nov 14, 2020 - 03:05 AM (IST)
ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ਨੀਵਾਰ ਨੂੰ ਆਨਲਾਈਨ ਆਯੋਜਿਤ ਹੋ ਰਹੇ ਪੂਰਬੀ ਏਸ਼ੀਆ ਸੰਮੇਲਨ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਵਿਦੇਸ਼ ਮੰਤਰਾਲਾ ਨੇ ਸਮੂਹ ਦੇ 15ਵੇਂ ਸੰਮੇਲਨ 'ਚ ਜੈਸ਼ੰਕਰ ਦੇ ਭਾਗ ਲੈਣ ਦੀ ਘੋਸ਼ਣਾ ਕੀਤੀ ਹੈ। ਮੰਤਰਾਲਾ ਨੇ ਦੱਸਿਆ ਕਿ ਸੰਮੇਲਨ ਦੀ ਪ੍ਰਧਾਨਗੀ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਸ਼ੁਆਨ ਵੀ ਕਰਨਗੇ ਅਤੇ ਇਸ 'ਚ ਸਮੂਹ ਦੇ ਸਾਰੇ 18 ਮੈਂਬਰ ਦੇਸ਼ ਹਿੱਸਾ ਲੈਣਗੇ।
ਪੂਰਬੀ ਏਸ਼ੀਆ ਦੇ ਵਿਕਾਸ 'ਚ ਨਿਭਾਈ ਮਹੱਤਵਪੂਰਣ ਭੂਮਿਕਾ
ਪੂਰਬੀ ਏਸ਼ੀਆ ਸੰਮੇਲਨ ਸੁਰੱਖਿਆ ਅਤੇ ਰੱਖਿਆ ਸਬੰਧੀ ਮੁੱਦਿਆਂ 'ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਵੱਕਾਰੀ ਮੰਚ ਹੈ। 2005 'ਚ ਇਸ ਦੇ ਗਠਨ ਤੋਂ ਲੈ ਕੇ ਹੁਣ ਤੱਕ ਇਸ ਨੇ ਪੂਰਬੀ ਏਸ਼ੀਆ ਦੇ ਰਣਨੀਤਕ, ਭੂਗੋਲਿਕ ਅਤੇ ਆਰਥਿਕ ਵਿਕਾਸ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਤੋਂ ਇਲਾਵਾ ਸੰਮੇਲਨ 'ਚ ਸਮੂਹ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਅਤੇ ਐਮਰਜੈਂਸੀ ਸਥਿਤੀ ਤੋਂ ਨਜਿੱਠਣ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਦੇ ਸੰਬੰਧ 'ਚ ਚਰਚਾ ਹੋਵੇਗੀ।
ਸਮੂਹ 'ਚ ਆਸੀਆਨ ਦੇਸ਼ਾਂ ਦੇ 10 ਮੈਂਬਰ ਸ਼ਾਮਲ
ਇਸ ਸਮੂਹ 'ਚ ਆਸੀਆਨ ਦੇ 10 ਮੈਂਬਰ.... ਬਰੂਨੇਈ ਦਾਰੁਸੱਲਾਮ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਮਾਂ, ਫਿਲੀਪੀਨ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਤੋਂ ਇਲਾਵਾ ਭਾਰਤ, ਚੀਨ, ਜਾਪਾਨ, ਕੋਰੀਆ ਗਣਤੰਤਰ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਰੂਸ ਵੀ ਸ਼ਾਮਲ ਹਨ।