ਕੋਵੈਕਸੀਨ ਨੂੰ ਡਬਲਿਯੂ. ਐੱਚ. ਓ. ਦੀ ਮਨਜ਼ੂਰੀ ’ਚ ਦੇਰੀ ਤੋਂ ਭਾਰਤ ਪਰੇਸ਼ਾਨ

Saturday, Sep 18, 2021 - 10:09 AM (IST)

ਕੋਵੈਕਸੀਨ ਨੂੰ ਡਬਲਿਯੂ. ਐੱਚ. ਓ. ਦੀ ਮਨਜ਼ੂਰੀ ’ਚ ਦੇਰੀ ਤੋਂ ਭਾਰਤ ਪਰੇਸ਼ਾਨ

ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਯੂ. ਐੱਚ. ਓ.) ਵੱਲੋਂ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਐਮਰਜੈਂਸੀ ਯੂਜ਼ ਲਿਸਟ (ਈ. ਯੂ. ਐੱਲ.) ’ਚ ਸ਼ਾਮਲ ਕਰਨ ਨੂੰ ਲੈ ਕੇ ਦੇਰ ਕੀਤੇ ਜਾਣ ਨਾਲ ਦੇਸ਼ ’ਚ ਕਾਫ਼ੀ ਚਿੰਤਾ ਹੈ। ਇਹ ਚਿੰਤਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਅਮਰੀਕਾ ਦੌਰੇ ’ਤੇ ਜਾਣ ਵਾਲੇ ਹਨ। ਮੋਦੀ 1 ਮਾਰਚ ਨੂੰ ਕੋਵੈਕਸੀਨ ਲਗਵਾ ਚੁੱਕੇ ਹਨ ਪਰ ਹੁਣ ਤੱਕ ਨਾ ਤਾਂ ਡਬਲਯੂ. ਐੱਚ. ਓ. ਤੇ ਨਾ ਹੀ ਅਮਰੀਕੀ ਖੁਰਾਕ ਤੇ ਦਵਾਈ ਰੈਗੂਲੇਟਰੀ (ਯੂ. ਐੱਸ. ਐੱਫ. ਡੀ. ਏ.) ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਭਾਰਤ ਬਾਇਓਟੈੱਕ ਨੇ ਭਾਰਤੀ ਆਯੂਰ ਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਬਣਾਇਆ ਹੈ।

ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਲੱਖਾ ਸਿਧਾਣਾ ਨੂੰ ਮਿਲੀ ਵੱਡੀ ਰਾਹਤ

ਸਾਰਿਆਂ ਦੀਆਂ ਨਜ਼ਰਾਂ ਮੋਦੀ ਦੇ ਅਮਰੀਕਾ ਦੌਰੇ ’ਤੇ
ਕੋਵੈਕਸੀਨ ਨੂੰ ਛੇਤੀ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਤੇ ਭਾਰਤ ਬਾਇਓਟੈੱਕ ਡਬਲਿਯੂ. ਐੱਚ. ਓ. ਦੇ ਸਾਹਮਣੇ ਜ਼ੋਰ ਪਾ ਰਹੇ ਹਨ ਕਿਉਂਕਿ ਯੂਰਪ ਤੇ ਅਮਰੀਕਾ ਦੀ ਯਾਤਰਾ ਲਈ ਇਹ ਜ਼ਰੂਰੀ ਵੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਡਬਲਯੂ. ਐੱਚ. ਓ. ਦੇ ਸੀਨੀਅਰ ਵਿਗਿਆਨਕ ਡਾ. ਸੌਮਿਆ ਸਵਾਮੀਨਾਥਨ ਨਾਲ ਵੀ ਅਗਸਤ ਮਹੀਨੇ ’ਚ ਮੁਲਾਕਾਤ ਕੀਤੀ ਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਮਾਮਲੇ ’ਤੇ ਚਰਚਾ ਕੀਤੀ ਸੀ। ਮਾਂਡਵੀਆ ਤੋਂ ਪਹਿਲਾਂ ਸਿਹਤ ਮੰਤਰੀ ਰਹੇ ਡਾ. ਹਰਸ਼ਵਰਧਨ ਨੇ ਵੀ ਡਬਲਿਯੂ. ਐੱਚ. ਓ. ’ਤੇ ਇਸ ਗੱਲ ਲਈ ਜ਼ੋਰ ਪਾਇਆ ਸੀ ਕਿ ਉਹ ਕੋਵੈਕਸੀਨ ਨੂੰ ਮਨਜ਼ੂਰੀ ਦੇਵੇ। ਡਬਲਿਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਮੇਰੀਅਨ ਸਿਮਾਓ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਕੋਵੈਕਸੀਨ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਸਮੀਖਿਆ ਕਾਫੀ ਅੱਗੇ ਵਧ ਚੁੱਕੀ ਹੈ ਤੇ ਅਧਿਕਾਰੀਆਂ ਵੱਲੋਂ ਇਸ ਬਾਰੇ ਸਤੰਬਰ ਮਹੀਨੇ ’ਚ ਫੈਸਲਾ ਕੀਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਕੋਵੈਕਸੀਨ ਨੂੰ ਕਿਸੇ ਵੀ ਸਮੇਂ ਮਿਲ ਸਕਦੀ ਹੈ ਮਨਜ਼ੂਰੀ 
ਕੋਵੈਕਸੀਨ ਭਾਰਤ ਦੀ ਪਹਿਲੀ ਸਵਦੇਸ਼ੀ ਵੈਕਸੀਨ ਹੈ ਅਤੇ ਕੁਝ ਹੀ ਦੇਸ਼ਾਂ ਈਰਾਨ, ਫਿਲੀਪੀਨਜ਼, ਮਾਰੀਸ਼ਸ, ਮੈਕਸੀਕੋ, ਨੇਪਾਲ, ਗੁਆਨਾ, ਪੈਰਾਗਵੇ ਅਤੇ ਜ਼ਿੰਬਾਬਵੇ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ। ਬ੍ਰਾਜ਼ੀਲ ਨੇ ਇਸ ਵੈਕਸੀਨ ਨੂੰ ਖਰੀਦਣ ਦਾ ਸੌਦਾ ਰੱਦ ਕਰ ਦਿੱਤਾ ਸੀ। ਡਬਲਯੂ. ਐੱਚ. ਓ. ਹੁਣ ਤੱਕ ਫਾਈਜ਼ਰ, ਐਸਟ੍ਰਾਜੇਨੇਕਾ (ਭਾਰਤ ’ਚ ਕੋਵਿਸ਼ੀਲਡ), ਜਾਨਸਨ ਐਂਡ ਜਾਨਸਨ, ਮਾਡਰਨਾ ਤੇ ਸਿਨੋਫਾਰਮ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕਾ ਹੈ ਪਰ ਕੋਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਹਾਲਾਂਕਿ ਕੋਵਿਡ ਟਾਸਕ ਫੋਰਸ ਦੇ ਮੁਖੀ ਐੱਨ. ਕੇ. ਅਰੋੜਾ ਨੇ ਕਿਹਾ ਹੈ ਕਿ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ। ਕੋਵੈਕਸੀਨ ਨੂੰ ਮਨਜ਼ੂਰੀ ਕਿਸੇ ਵੀ ਸਮੇਂ ਮਿਲ ਸਕਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News