ਭਾਰਤ 8ਵੀਂ ਵਾਰ ਬਣਿਆ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ, USA ਨੇ ਕਿਹਾ ਅਸੀਂ ਇਕੱਠੇ ਕਰਾਂਗੇ ਕੰਮ
Thursday, Jun 18, 2020 - 08:22 AM (IST)
ਸੰਯੁਕਤ ਰਾਸ਼ਟਰ- ਭਾਰਤ 8ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਚੁਣ ਲਿਆ ਗਿਆ ਹੈ। ਬੁੱਧਵਾਰ ਨੂੰ ਹੋਈ ਵੋਟਿੰਗ ਵਿਚ ਮਹਾਸਭਾ ਦੇ 193 ਦੇਸ਼ਾਂ ਨੇ ਹਿੱਸਾ ਲਿਆ। 184 ਦੇਸ਼ਾਂ ਨੇ ਭਾਰਤ ਦਾ ਸਮਰਥਨ ਕੀਤਾ। ਅਮਰੀਕਾ ਨੇ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਅਸਥਾਈ ਮੈਂਬਰਸ਼ਿਪ ਦਾ ਸਵਾਗਤ ਕੀਤਾ ਤੇ ਕਿਹਾ ਕਿ ਭਾਰਤ ਤੇ ਅਮਰੀਕਾ ਮਿਲ ਕੇ ਦੁਨੀਆ ਵਿਚ ਅਮਨ ਬਹਾਲੀ ਤੇ ਸੁਰੱਖਿਆ ਵਰਗੇ ਅਹਿਮ ਮੁੱਦਿਆਂ 'ਤੇ ਕਦਮ ਚੁੱਕਣਗੇ।
ਸੰਯੁਕਤ ਰਾਸ਼ਟਰ ਚਾਰਟਰ ਮੁਤਾਬਕ ਭਾਰਤ ਦੋ ਸਾਲ ਲਈ ਅਸਥਾਈ ਮੈਂਬਰ ਚੁਣਿਆ ਗਿਆ ਹੈ। ਭਾਰਤ ਨਾਲ ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਵੀ ਅਸਥਾਈ ਮੈਂਬਰ ਚੁਣੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਦੋ ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ, ਜੋ ਜਨਵਰੀ 2021 ਤੋਂ ਸ਼ੁਰੂ ਹੋਵੇਗਾ।
ਅਮਰੀਕਾ ਨੇ ਕਿਹਾ ਇਹ ਸਬੰਧਾਂ ਦਾ ਵਿਸਥਾਰ
ਭਾਰਤ ਨੂੰ ਅਸਥਾਈ ਮੈਂਬਰ ਬਣਾਏ ਜਾਣ ਦੀ ਘੋਸ਼ਣਾ ਦੇ ਬਾਅਦ ਅਮਰੀਕਾ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ,'ਅਸੀਂ ਭਾਰਤ ਦਾ ਸਵਾਗਤ ਕਰਦੇ ਹਾਂ। ਉਸ ਨੂੰ ਵਧਾਈ ਦਿੰਦੇ ਹਾਂ। ਦੋਵੇਂ ਦੇਸ਼ ਮਿਲ ਕੇ ਦੁਨੀਆ ਵਿਚ ਅਮਨ ਬਹਾਲੀ ਅਤੇ ਸੁਰੱਖਿਆ ਦੇ ਮੁੱਦੇ 'ਤੇ ਕੰਮ ਕਰਨਗੇ। ਇਹ ਸਬੰਧਾਂ ਦਾ ਵਿਸਥਾਰ ਹੈ।
ਪਾਕਿਸਤਾਨ ਪਰੇਸ਼ਾਨ-
ਭਾਰਤ ਨੂੰ ਅਸਥਾਈ ਮੈਂਬਰ ਚੁਣੇ ਜਾਣ 'ਤੇ ਪਾਕਿਸਤਾਨ ਪਰੇਸ਼ਾਨ ਹੈ। ਵੋਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਸੀ ਕਿ ਭਾਰਤ ਨੂੰ ਇਹ ਮੈਂਬਰਸ਼ਿਪ ਮਿਲਣਾ ਚਿੰਤਾ ਦਾ ਵਿਸ਼ਾ ਹੈ।
ਕਿਉਂ ਚੁਣੇ ਜਾਂਦੇ ਹਨ ਅਸਥਾਈ ਮੈਂਬਰ
ਸੁਰੱਖਿਆ ਪ੍ਰੀਸ਼ਦ ਵਿਚ ਅਸਥਾਈ ਮੈਂਬਰ ਚੁਣੇ ਜਾਣ ਦਾ ਟੀਚਾ ਇਹ ਹੈ ਕਿ ਉੱਥੇ ਖੇਤਰੀ ਸੰਤੁਲਨ ਬਣਿਆ ਰਹੇ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਵੀਰਵਾਰ ਨੂੰ ਇਕੱਠੇ ਹੋਣਗੇ ਅਤੇ ਅਫਰੀਕੀ ਸਮੂਹ ਦੇ ਦੇਸ਼ਾਂ ਦਾ ਪ੍ਰਤੀਨਿਧ ਕਰਨ ਵਾਲੀ ਸੀਟ ਲਈ ਦੂਜੇ ਦੌਰ ਦੀ ਵੋਟਿੰਗ ਕਰਨਗੇ। ਕੀਨੀਆ ਤੇ ਜਿਬਾਤੀ ਦੋ-ਤਿਹਾਈ ਬਹੁਮਤ ਪ੍ਰਾਪਤ ਕਰਨ ਵਿਚ ਅਸਫਲ ਰਹੇ।
ਇੰਝ ਹੁੰਦੀ ਹੈ ਚੋਣ
193 ਮੈਂਬਰਾਂ ਵਾਲੇ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜਿੱਤ ਲਈ ਦੋ-ਤਿਹਾਈ ਭਾਵ 128 ਮੈਂਬਰਾਂ ਦਾ ਸਮਰਥਨ ਚਾਹੀਦਾ ਸੀ। ਭਾਰਤ ਨੂੰ 184 ਦੇਸ਼ਾਂ ਨੇ ਸਮਰਥਨ ਦਿੱਤਾ ਹੈ।