ਵੱਡਾ ਫੈਸਲਾ: ਅਫਗਾਨਿਸਤਾਨ ''ਚ ਵਿਗੜਦੇ ਹਾਲਾਤ ਵਿਚਾਲੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਏਗਾ ਭਾਰਤ
Tuesday, Jul 06, 2021 - 10:46 PM (IST)

ਨਵੀਂ ਦਿੱਲੀ - ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਨੂੰ ਵੇਖਦੇ ਹੋਏ ਭਾਰਤ ਆਪਣੇ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਵਾਪਸ ਬੁਲਾਏਗਾ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਤਾਲਿਬਾਨ ਦੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ੇ ਨੂੰ ਵੇਖਦੇ ਹੋਏ ਭਾਰਤ ਵਾਪਸੀ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਹੈ।
ਸਰਕਾਰੀ ਸੂਤਰਾਂ ਮੁਤਾਬਕ, 2001 ਵਿੱਚ ਤਾਲਿਬਾਨ ਦੇ ਪਤਨ ਤੋਂ ਬਾਅਦ ਤੋਂ ਅਫਗਾਨਿਸਤਾਨ ਵਿੱਚ ਵੱਡੇ ਪੱਧਰ 'ਤੇ ਭਾਰਤ ਦੀ ਹਾਜ਼ਰੀ ਹੈ। ਗ੍ਰਹਿ ਯੁੱਧ ਦੀ ਅੱਗ ਵਿੱਚ ਝੁਲਸ ਰਹੇ ਅਫਗਾਨਿਸਤਾਨ ਵਿੱਚ ਸੁਰੱਖਿਆ ਹਾਲਾਤ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ। ਉੱਥੇ ਮੌਜੂਦ ਆਪਣੇ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ 'ਤੇ ਚਰਚਾ ਕੀਤੀ ਗਈ। ਇਸ ਬਾਰੇ ਕਈ ਏਜੰਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਹਿਲੀ ਵਾਰ ਦੁਬਈ ਭੇਜੀ ਗਈ ਕਸ਼ਮੀਰ ਦੀ ਖਾਸ ਚੈਰੀ, ਕਿਸਾਨਾਂ ਦੀ ਵਧੇਗੀ ਕਮਾਈ
ਭਾਰਤ ਦੇ ਕਾਬਲ ਵਿੱਚ ਦੂਤਾਵਾਸ ਤੋਂ ਇਲਾਵਾ ਕੰਧਾਰ ਅਤੇ ਮਜ਼ਾਰ ਵਿੱਚ ਵਪਾਰ ਦੂਤਘਰ ਹਨ, ਜਿੱਥੇ ਉਸਦੇ 500 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। ਹੇਰਾਤ ਅਤੇ ਜਲਾਲਾਬਾਦ ਵਿੱਚ ਭਾਰਤ ਦੇ ਦੋ ਵਪਾਰ ਦੂਤਘਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ। ਸੂਤਰਾਂ ਮੁਤਾਬਕ, ਅਜੇ ਪੂਰੀ ਪ੍ਰਕਿਰਿਆ 'ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਸਮੁੱਚੇ ਕਰਮਚਾਰੀ ਪਰਤਣਗੇ ਜਾਂ ਫਿਰ ਕੁੱਝ ਜ਼ਰੂਰੀ ਸਟਾਫ ਨੂੰ ਅਫਗਾਨਿਸਤਾਨ ਵਿੱਚ ਰਹਿਣ ਦਿੱਤਾ ਜਾਵੇਗਾ।
ਭਾਰਤੀ ਫੌਜ ਦੇ ਰਹੀ ਸਿਖਲਾਈ
ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜੀ ਕਰਮਚਾਰੀ ਅਫਗਾਨਿਸਤਾਨ ਨੈਸ਼ਨਲ ਆਰਮੀ ਦੇ ਕਰਮਚਾਰੀਆਂ ਨੂੰ ਅਫਗਾਨਿਸਤਾਨ ਅਤੇ ਭਾਰਤ ਵਿੱਚ ਸਿਖਲਾਈ ਦੇ ਰਹੇ ਹਨ। ਪਿਛਲੇ ਕੁੱਝ ਸਾਲਾਂ ਵਿੱਚ ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿੱਚ ਪੁਨਰ ਨਿਰਮਾਣ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਲੱਗਭੱਗ ਤਿੰਨ ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਸੰਸਦ ਤੋਂ ਲੈ ਕੇ ਸੜਕ ਅਤੇ ਬੰਨ੍ਹ ਬਣਾਉਣ ਤੱਕ ਕਈ ਪ੍ਰਾਜੈਕਟਾਂ ਵਿੱਚ ਅਣਗਿਣਤ ਭਾਰਤੀ ਪੇਸ਼ੇਵਰ ਕੰਮ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਅਫਗਾਨੀਆਂ ਨੂੰ ਹੁਨਰ ਸਿਖਲਾਈ ਦਿੱਤੇ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।