ਵੀਅਤਨਾਮ ਨੂੰ ਮਿਜ਼ਾਈਲ ਜੰਗੀ ਬੇੜਾ ‘INS ਕ੍ਰਿਪਾਨ’ ਤੋਹਫ਼ੇ ਵਜੋਂ ਦੇਵੇਗਾ ਭਾਰਤ : ਰਾਜਨਾਥ
Wednesday, Jun 21, 2023 - 11:58 AM (IST)

ਨਵੀਂ ਦਿੱਲੀ (ਅਨਸ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਆਂਗ ਨਾਲ ਗੱਲਬਾਤ ਕੀਤੀ ਅਤੇ ਐਲਾਨ ਕੀਤਾ ਕਿ ਭਾਰਤ ਸਵਦੇਸ਼ੀ ਤੌਰ ’ਤੇ ਬਣੇ ਮਿਜ਼ਾਈਲ ਜੰਗੀ ਜਹਾਜ਼ ‘ਆਈ.ਐੱਨ.ਐੱਸ. ਕ੍ਰਿਪਾਨ’ ਨੂੰ ਵੀਅਤਨਾਮ ਨੂੰ ਤੋਹਫੇ ਵਜੋਂ ਦੇਵੇਗਾ। ਜਿਆਂਗ ਦੋ ਦਿਨਾਂ ਭਾਰਤ ਦੌਰੇ ’ਤੇ ਸਨ। ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਦੋਹਾਂ ਦੇਸ਼ਾਂ ਨੇ ਕਈ ਦੁਵੱਲੀਆਂ ਰੱਖਿਆ ਸਹਿਯੋਗ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਾਂਝੇਦਾਰੀ ’ਤੇ ਸੰਤੁਸ਼ਟੀ ਪ੍ਰਗਟਾਈ। ਮੰਤਰੀਆਂ ਨੇ ਵਿਸ਼ੇਸ਼ ਤੌਰ ’ਤੇ ਰੱਖਿਆ ਉਦਯੋਗ, ਸਮੁੰਦਰੀ ਸੁਰੱਖਿਆ ਅਤੇ ਬਹੁ-ਰਾਸ਼ਟਰੀ ਸਹਿਯੋਗ ਦੇ ਮੌਜੂਦਾ ਖੇਤਰਾਂ ਨੂੰ ਵਧਾਉਣ ਦੇ ਸਾਧਨਾਂ ਦੀ ਪਛਾਣ ਕੀਤੀ। ਦੋਵੇਂ ਧਿਰਾਂ ਆਪਸੀ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਨਾਲ ਹੀ ਦੱਖਣੀ ਚੀਨ ਸਾਗਰ ਦੀ ਸਥਿਤੀ ਦੀ ਸਮੀਖਿਆ ਵੀ ਕਰ ਰਹੀਆਂ ਹਨ।
ਇਸ ਖੇਤਰ ਵਿਚ ਚੀਨ ਦਾ ਪ੍ਰਭਾਵ ਵੱਧ ਰਿਹਾ ਹੈ। ਰਾਜਨਾਥ ਨੇ ਐਲਾਨ ਕੀਤਾ ਕਿ ਸਵਦੇਸ਼ੀ ਤੌਰ ’ਤੇ ਬਣੇ ਮਿਜ਼ਾਈਲ ਜੰਗੀ ਜਹਾਜ਼ ਆਈ.ਐੱਨ.ਐੱਸ. ਕ੍ਰਿਪਾਨ ਦਾ ਤੋਹਫ਼ਾ ਵੀਅਤਨਾਮੀ ਸਮੁੰਦਰੀ ਫੌਜ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਅਤੇ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਜਨਰਲ ਜਿਆਂਗ 18 ਜੂਨ ਨੂੰ ਦੋ ਦਿਨਾਂ ਦੌਰੇ ’ਤੇ ਭਾਰਤ ਆਏ ਸਨ। ਵੀਅਤਨਾਮ ਦੇ ਰੱਖਿਆ ਮੰਤਰੀ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਰੱਖਿਆ ਖੋਜ ਅਤੇ ਸੰਯੁਕਤ ਉਤਪਾਦਨ ਦੇ ਖੇਤਰ ਵਿੱਚ ਸਹਿਯੋਗ ਵਧਾ ਕੇ ਰੱਖਿਆ ਉਦਯੋਗ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ।