ਹੁਰੀਅਤ ਨੂੰ ਬੈਠਕ ’ਚ ਸੱਦਣ ’ਤੇ ਭਾਰਤ ਨੇ ਓ.ਆਈ.ਸੀ. ’ਤੇ ਸਾਧਿਆ ਨਿਸ਼ਾਨਾ

Friday, Mar 18, 2022 - 10:13 AM (IST)

ਹੁਰੀਅਤ ਨੂੰ ਬੈਠਕ ’ਚ ਸੱਦਣ ’ਤੇ ਭਾਰਤ ਨੇ ਓ.ਆਈ.ਸੀ. ’ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਅਗਲੇ ਹਫ਼ਤੇ ਇਸਲਾਮਾਬਾਦ ’ਚ ਹੋਣ ਵਾਲੀ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੀ ਬੈਠਕ ’ਚ ਹਿੱਸਾ ਲੈਣ ਲਈ ਹੁਰੀਅਤ ਕਾਨਫਰੰਸ ਨੂੰ ਸੱਦੇ ਜਾਣ ਨੂੰ ਲੈ ਕੇ ਸੰਗਠਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਅਸੀਂ ਓ.ਆਈ.ਸੀ. ਤੋਂ ਉਮੀਦ ਕਰਦੇ ਹਾਂ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਤੇ ਅੱਤਵਾਦ ’ਚ ਸ਼ਾਮਲ ਰਹਿਣ ਵਾਲਿਆਂ ਨੂੰ ਉਤਸ਼ਾਹਿਤ ਨਾ ਕਰੇ।’’

ਓ.ਆਈ.ਸੀ. ਦੀ ਬੈਠਕ ’ਚ ਹੁਰੀਅਤ ਕਾਨਫਰੰਸ ਨੂੰ ਸੱਦੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਂਦੇ ਹਾਂ ਜੋ ਦੇਸ਼ ਦੀ ਏਕਤਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੈ ਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਉਲੰਘਣਾ ਕਰਦੀਆਂ ਹਨ। ਬਾਗਚੀ ਨੇ ਕਿਹਾ ਕਿ ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਓ.ਆਈ.ਸੀ. ਵਿਕਾਸ ਸਬੰਧੀ ਮਹੱਤਵਪੂਰਣ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੇ ਇਕ ਮੈਂਬਰ ਦੇ ਰਾਜਨੀਤਕ ਏਜੰਡੇ ਅਨੁਸਾਰ ਕੰਮ ਕਰ ਰਿਹਾ ਹੈ।


author

DIsha

Content Editor

Related News