ਭਾਰਤ ਨੇ ਮਿਆਂਮਾਰ ਨੂੰ ਟੀਕੇ ਦੀਆਂ 10 ਲੱਖ ਖ਼ੁਰਾਕਾਂ, 10,000 ਟਨ ਚੌਲ ਅਤੇ ਕਣਕ ਦੀ ਕੀਤੀ ਸਪਲਾਈ
Thursday, Dec 23, 2021 - 05:57 PM (IST)
ਮਿਆਂਮਾਰ- ਭਾਰਤ ਨੇ ਗੁਆਂਢੀ ਦੇਸ਼ ਮਿਆਂਮਾਰ ਨੂੰ ਕੋਰੋਨਾ ਵਾਇਰਸ ਟੀਕਿਆਂ ਦੀਆਂ 10 ਲੱਖ ਖ਼ੁਰਾਕਾਂ ਅਤੇ ਮਨੁੱਖੀ ਸਹਾਇਤਾ ਵਜੋਂ 10,000 ਟਨ ਚੌਲ ਅਤੇ ਕਣਕ ਦੀ ਸਪਲਾਈ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਆਂਮਾਰ ਆਏ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦੇ ਦੌਰੇ ਦੌਰਾਨ ਸਹਾਇਤਾ ਦਾ ਐਲਾਨ ਕੀਤਾ ਗਿਆ। ਬੀਤੀ 1 ਫਰਵਰੀ ਨੂੰ ਮਿਆਂਮਾਰ ਦੀ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਦੇਸ਼ ਨਾਲ ਭਾਰਤ ਦਾ ਇਹ ਪਹਿਲਾ ਉੱਚ-ਪੱਧਰੀ ਸੰਪਰਕ ਹੈ। ਸ਼੍ਰਿੰਗਲਾ ਨੇ ਬੁੱਧਵਾਰ ਨੂੰ ਮਿਆਂਮਾਰ ਰੈੱਡ ਕਰਾਸ ਸੋਸਾਇਟੀ ਨੂੰ ਟੀਕੇ ਦੀ ਖੇਪ ਸੌਂਪੀ।
ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ, "ਭਾਰਤ, ਮਿਆਂਮਾਰ ਨਾਲ ਲੰਮੀ ਸਰਹੱਦ ਸਾਂਝੀ ਕਰਦਾ ਹੈ, ਇਸ ਤੱਥ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਸਕੱਤਰ ਨੇ ਮਿਆਂਮਾਰ ਦੇ ਲੋਕਾਂ ਲਈ ਭਾਰਤ ਦੀ ਲਗਾਤਾਰ ਮਨੁੱਖੀ ਸਹਾਇਤਾ ਬਾਰੇ ਜਾਣੂ ਕਰਵਾਇਆ।" ਮੰਤਰਾਲਾ ਨੇ ਕਿਹਾ ਇਸ ਖੇਪ ਦੇ ਇਕ ਹਿੱਸੇ ਦੀ ਵਰਤੋਂ ਭਾਰਤ ਨਾਲ ਲੱਗਦੀ ਮਿਆਂਮਾਰ ਦੀ ਸਰਹੱਦ ਦੇ ਨੇੜੇ ਰਹਿੰਦੇ ਭਾਈਚਾਰਿਆਂ ਲਈ ਕੀਤਾ ਜਾਵੇਗਾ। ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਵਿਚ ਮਿਆਂਮਾਰ ਦੀ ਸਹਾਇਤਾ ਕਰਨ ਲਈ "ਮੇਡ ਇਨ ਇੰਡੀਆ" ਟੀਕਿਆਂ ਦੀਆਂ 10 ਲੱਖ ਖੁਰਾਕਾਂ ਮਿਆਂਮਾਰ ਰੈੱਡ ਕਰਾਸ ਸੋਸਾਇਟੀ ਨੂੰ ਸੌਂਪੀਆਂ। ਮਿਆਂਮਾਰ ਨੂੰ 10,000 ਟਨ ਚੌਲ ਅਤੇ ਕਣਕ ਦੇਣ ਦਾ ਵੀ ਐਲਾਨ ਵੀ ਕੀਤਾ ਗਿਆ ਸੀ।
ਵਿਦੇਸ਼ ਸਕੱਤਰ ਨੇ ਮਿਆਂਮਾਰ ਦੇ ਲੋਕਾਂ ਦੇ ਲਾਭ ਲਈ ਰਖਾਈਨ ਸੂਬਾ ਵਿਕਾਸ ਪ੍ਰੋਗਰਾਮ ਅਤੇ ਸਰਹੱਦ ਖੇਤਰ ਵਿਕਾਸ ਪ੍ਰੋਗਰਾਮ ਤਹਿਤ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੋਹਰਾਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਮਿਆਂਮਾਰ ਨਾਲ ਲਗਭਗ 1700 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਮਿਆਂਮਾਰ 'ਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਦਾ ਸਿੱਧਾ ਅਸਰ ਭਾਰਤ ਦੇ ਸਰਹੱਦੀ ਖੇਤਰਾਂ 'ਤੇ ਪੈਂਦਾ ਹੈ। ਮਿਆਂਮਾਰ ਵਿਚ ਸ਼ਾਂਤੀ ਅਤੇ ਸਥਿਰਤਾ ਭਾਰਤ ਲਈ, ਖਾਸ ਕਰਕੇ ਉੱਤਰ-ਪੂਰਬ ਲਈ ਬਹੁਤ ਮਹੱਤਵਪੂਰਨ ਹੈ।