ਯਾਸੀਨ ਮਲਿਕ ਦੀ ਸਜ਼ਾ ਨੂੰ ਲੈ ਕੇ ਇਸਲਾਮੀ ਦੇਸ਼ਾਂ ਦੇ ਸਮੂਹ ਦੇ ਬਿਆਨ ''ਤੇ ਭਾਰਤ ਨੇ ਜਤਾਇਆ ਇਤਰਾਜ਼

Saturday, May 28, 2022 - 10:01 AM (IST)

ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਸ਼ੁੱਕਰਵਾਰ ਨੂੰ ਯਾਸੀਨ ਮਲਿਕ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਬਾਰੇ ਇਸਲਾਮਿਕ ਸਹਿਯੋਗ ਸੰਗਠਨ ਦੇ ਸੁਤੰਤਰ ਸਥਾਈ ਮਨੁੱਖੀ ਅਧਿਕਾਰ ਕਮਿਸ਼ਨ ਦੀ ਟਿੱਪਣੀ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਨ੍ਹਾਂ ਟਿੱਪਣੀਆਂ ਰਾਹੀਂ ਓ.ਆਈ.ਸੀ.-ਆਈ.ਪੀ.ਐਚ.ਆਰ.ਸੀ. ਨੇ ਕਸ਼ਮੀਰ ਦੀ ਸਥਿਤੀ ਬਹਾਲ ਕਰਨ ਲਈ ਵੱਖਵਾਦੀ ਨੇਤਾ ਦੀਆਂ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਬਿਆਨ 'ਚ ਕਿਹਾ ਕਿ ਦੁਨੀਆ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਚਾਹੁੰਦੀ ਹੈ। ਉਨ੍ਹਾਂ ਨੇ ਓ.ਆਈ.ਸੀ. ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਅੱਤਵਾਦੀ ਨੂੰ ਜਾਇਜ਼ ਨਾ ਠਹਿਰਾਏ। ਉਨ੍ਹਾਂ ਕਿਹਾ,''ਯਾਸੀਨ ਮਲਿਕ ਮਾਮਲੇ 'ਚ ਅਦਾਲਤ ਦੇ ਫ਼ੈਸਲੇ 'ਤੇ ਭਾਰਤ ਦੀ ਆਲੋਚਨਾ ਕਰਨ ਵਾਲੀ ਓ.ਆਈ.ਸੀ.-ਆਈ.ਪੀ.ਐੱਚ.ਆਰਸੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਸਵੀਕਾਰਨਯੋਗ ਹਨ। ਇਨ੍ਹਾਂ ਟਿੱਪਣੀਆਂ ਰਾਹੀਂ ਓ.ਆਈ.ਸੀ.-ਆਈ.ਪੀ.ਐੱਚ.ਆਰ.ਸੀ. ਨੇ ਯਾਸੀਨ ਮਲਿਕ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਸਪੱਸ਼ਟ ਤੌਰ 'ਤੇ ਆਪਣਾ ਸਮਰਥਨ ਪ੍ਰਗਟ ਕੀਤਾ ਹੈ। ਦੁਨੀਆ ਅੱਤਵਾਦ ਲਈ ਜ਼ੀਰੋ ਸਹਿਣਸ਼ੀਲਤਾ ਚਾਹੁੰਦੀ ਹੈ ਅਤੇ ਅਸੀਂ ਓ.ਆਈ.ਸੀ. ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਾ ਠਹਿਰਾਏ।" ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਓ.ਆਈਸੀ.-ਆਈ.ਪੀ.ਐੱਚ.ਆਰ.ਸੀ. ਵੱਲੋਂ ਮਲਿਕ ਦੀ ਸਜ਼ਾ ਨੂੰ ਰੱਦ ਕਰਨ ਅਤੇ ਨਿੰਦਾ ਕਰਨ ਦੇ ਜਵਾਬ ਵਿਚ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅੱਤਵਾਦੀ ਫੰਡਿੰਗ ਕੇਸ ’ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ ਦੀ ਸਜ਼ਾ

ਧਿਆਨ ਯੋਗ ਹੈ ਕਿ ਓ.ਆਈ.ਸੀ. ਨੇ ਮਲਿਕ ਦੀ ਸਜ਼ਾ ਦੀ ਆਲੋਚਨਾ ਕਰਦੇ ਹੋਏ ਕਿਹਾ,"ਓ.ਆਈ.ਸੀ. ਭਾਰਤ ਸਰਕਾਰ ਨੂੰ ਸਾਰੇ ਗਲਤ ਤਰੀਕੇ ਨਾਲ ਕੈਦ ਕੀਤੇ ਗਏ ਕਸ਼ਮੀਰੀ ਨੇਤਾਵਾਂ ਨੂੰ ਰਿਹਾਅ ਕਰਨ, ਭਾਰਤੀ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (ਆਈ.ਆਈ.ਓ.ਜੇ.ਕੇ.) ਵਿਚ ਕਸ਼ਮੀਰੀਆਂ 'ਤੇ ਅੱਤਿਆਚਾਰ ਰੋਕਣ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ 'ਚ ਇਕ ਆਜ਼ਾਦ ਅਤੇ ਨਿਰਪੱਖ ਜਨਮਤ ਸੰਗ੍ਰਹਿ ਰਾਹੀਂ ਆਈ.ਆਈ.ਓ.ਜੇ.ਕੇ. ਦੇ ਲੋਕਾਂ ਦੇ ਆਪਣੇ ਭਵਿੱਖ ਦਾ ਨਿਰਧਾਰਨ ਕਰਨ ਦੇ ਅਧਿਕਾਰ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ।'' ਓ.ਆਈ.ਸੀ. ਨੇ ਕਿਹਾ,"ਮਲਿਕ ਨੂੰ ਅਣਮਨੁੱਖੀ ਸਥਿਤੀਆਂ ਵਿਚ ਕੈਦ ਕੀਤਾ ਗਿਆ ਹੈ, ਜੋ ਕਸ਼ਮੀਰ ਵਿਚ ਪ੍ਰਣਾਲੀਗਤ ਭਾਰਤੀ ਪੱਖਪਾਤ ਅਤੇ ਕਸ਼ਮੀਰੀ ਮੁਸਲਮਾਨਾਂ ਦੇ ਅਤਿਆਚਾਰ ਨੂੰ ਦਰਸਾਉਂਦਾ ਹੈ।" ਓ.ਆਈ.ਸੀ. ਨੇ ਮਲਿਕ ਦੀ ਸਜ਼ਾ ਨੂੰ ਭਾਰਤੀ ਨਿਆਂ ਪ੍ਰਣਾਲੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਇਸ ਨੇ ਲੋਕਤੰਤਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਨੇ ਕਸ਼ਮੀਰ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News