ਭਾਰਤ ਪਹੁੰਚੀਆਂ ਸਪੂਤਨਿਕ-ਵੀ ਦੀਆਂ ਡੇਢ ਲੱਖ ਖੁਰਾਕਾਂ, ਜੂਨ ਤੱਕ 50 ਲੱਖ ਹੋ ਸਕਦਾ ਹੈ ਅੰਕੜਾ
Saturday, May 22, 2021 - 01:34 PM (IST)
ਨਵੀਂ ਦਿੱਲੀ- ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਰੂਸ 'ਚ ਭਾਰਤੀ ਰਾਜਦੂਤ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ 1,50,000 ਖੁਰਾਕਾਂ ਭਾਰਤ ਪਹੁੰਚ ਚੁਕੀਆਂ ਹਨ। ਅਜਿਹੀ ਉਮੀਦ ਹੈ ਕਿ ਮਈ ਦੇ ਅੰਤ ਤੱਕ 30 ਲੱਖ ਖੁਰਾਕਾਂ ਭਾਰਤ ਪਹੁੰਚ ਜਾਣਗੀਆਂ। ਉੱਥੇ ਹੀ ਜੂਨ ਤੱਕ ਇਹ ਅੰਕੜਾ 50 ਲੱਖ ਪਾਰ ਹੋ ਸਕਦਾ ਹੈ ਅਤੇ ਅਗਸਤ 'ਚ ਭਾਰਤ 'ਚ ਸਪੂਤਨਿਕ-ਵੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
ਰੂਸ 'ਚ ਭਾਰਤ ਦੇ ਰਾਜਦੂਤ ਡੀ. ਬਾਲਾ ਵੇਂਕਟੇਸ਼ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਯੋਜਨਾ ਇਹ ਹੈ ਕਿ ਭਾਰਤ 'ਚ 85 ਕਰੋੜ ਤੋਂ ਵੱਧ ਸਪੂਤਨਿਕ ਵੈਕਸੀਨ ਦਾ ਉਤਪਾਦਨ ਕੀਤਾ ਜਾਵੇਗਾ। ਭਾਰਤ ਨੇ ਪਹਿਲੀ ਵਿਦੇਸ਼ੀ ਵੈਕਸੀਨ ਦੇ ਰੂਪ 'ਚ ਇਸ ਨੂੰ 12 ਅਪ੍ਰੈਲ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਡਾ. ਰੇਡੀਜ ਲੈਬੋਰੇਟਰੀ ਨੇ ਸਪੂਤਨਿਕ-ਵੀ ਵੈਕਸੀਨ ਲਈ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਨਾਲ ਸਮਝੌਤਾ ਕੀਤਾ ਸੀ। ਭਾਰਤੀ ਬਜ਼ਾਰ 'ਚ ਸਪੂਤਨਿਕ-ਵੀ ਵੈਕਸੀਨ ਦੀ ਕੀਮਤ 995 ਰੁਪਏ ਹੈ। ਕੋਰੋਨਾ ਵਾਇਰਸ ਵਿਰੁੱਧ ਸਪੂਤਨਿਕ ਦੀ ਪ੍ਰਭਾਵੀ ਸਮਰੱਥਾ 90 ਫੀਸਦੀ ਤੋਂ ਵੱਧ ਹੈ।
ਉਨ੍ਹਾਂ ਕਿਹਾ,''ਦੁਨੀਆ 'ਚ ਸਪੂਤਨਿਕ ਦੀਆਂ 65-70 ਡੋਜ਼ ਭਾਰਤ 'ਚ ਉਤਪਾਦਿਤ ਕੀਤੀਆਂ ਹੋਈਆਂ ਹੋਣਗੀਆਂ। ਭਾਰਤ 'ਚ ਸਪੂਤਨਿਕ ਵੈਕਸੀਨ ਤਿੰਨ ਫੇਜ਼ 'ਚ ਮਿਲੇਗੀ। ਪਹਿਲੀ ਜੋ ਰੂਸ ਤੋਂ ਹੁਣ ਭੇਜੀ ਜਾ ਰਹੀ ਹੈ। ਦੂਜੀ ਆਰ.ਡੀ.ਆਈ.ਐੱਫ. ਬਲਕ 'ਚ ਭਾਰਤ ਨੂੰ ਭੇਜੇਗਾ। ਇਹ ਇਸਤੇਮਾਲ ਲਈ ਤਿਆਰ ਹੋਵੇਗਾ ਪਰ ਸ਼ੀਸ਼ੀਆਂ 'ਚ ਭਰਿਆ ਜਾਵੇਗਾ ਅਤੇ ਤੀਜੀ ਰੂਸ ਭਆਰਤੀ ਕੰਪਨੀ ਨੂੰ ਟੈਕਨਾਲੋਜੀ ਦਾ ਟਰਾਂਸਫਰ ਕਰੇਗੀ, ਜਿਸ ਨਾਲ ਦੇਸ਼ 'ਚ ਇਸ ਦਾ ਉਤਪਾਦਨ ਹੋਵੇਗਾ। ਇਨ੍ਹਾਂ ਤਿੰਨਾਂ ਪੜਾਵਾਂ ਲਈ ਭਾਰਤ 'ਚ 85 ਕਰੋੜ ਵੈਕਸੀਨ ਉਪਲੱਬਧ ਹੋਵੇਗੀ।'' ਸਪੂਤਨਿਕ ਲਾਈਟ ਵੈਕਸੀਨ ਨੂੰ ਲੈਕੇ ਉਨ੍ਹਾਂ ਕਿਹਾ ਕਿ ਭਾਰਤ 'ਚ ਇਸ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਰੂਸ ਨੇ 6 ਮਈ ਨੂੰ ਕੋਰੋਨਾ ਵਾਇਰਸ ਵਿਰੁੱਧ 'ਸਪੂਤਨਿਕ ਲਾਈਟ' ਨੂੰ ਮਨਜ਼ੂਰੀ ਦਿੱਤੀ ਸੀ। ਸਪੂਤਨਿਕ ਲਾਈਟ ਰੂਸ 'ਚ ਚੌਥੀ ਘਰੇਲੂ ਵਿਕਸਿਤ ਕੋਵਿਡ ਵੈਕਸੀਨ ਹੈ, ਜਿਸ ਨੂੰ ਦੇਸ਼ 'ਚ ਮਨਜ਼ੂਰੀ ਦਿੱਤੀ ਗਈ ਹੈ।