ਕਸ਼ਮੀਰ ਦੇ ਸੋਨਮਰਗ ’ਚ ਡਿੱਗੇ ਬਰਫ ਦੇ ਤੋਦੇ

Thursday, Mar 06, 2025 - 12:25 AM (IST)

ਕਸ਼ਮੀਰ ਦੇ ਸੋਨਮਰਗ ’ਚ ਡਿੱਗੇ ਬਰਫ ਦੇ ਤੋਦੇ

ਜੰਮੂ, (ਰੋਸ਼ਨੀ)- ਜੰਮੂ-ਕਸ਼ਮੀਰ ਦੇ ਸੋਨਮਰਗ ’ਚ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਸ੍ਰੀਨਗਰ-ਲੇਹ ਹਾਈਵੇਅ ’ਤੇ ਬਰਫ ਦੇ ਵੱਡੇ ਤੋਦੇ ਡਿੱਗੇ। ਕਿਸੇ ਤਰ੍ਹਾਂ ਦੇ ਜਾਨੀ ਜਾਂ ਕਿਸੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਦੀ ਕੋਈ ਰਿਪੋਰਟ ਨਹੀਂ।

ਦੱਸਣਯੋਗ ਹੈ ਕਿ ਸਰਦੀਆਂ ਦੇ ਅੰਤ ’ਚ ਭਾਰੀ ਬਰਫ਼ਬਾਰੀ ਹੋਣ ਕਾਰਨ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ ਦੇ ਤੋਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ।

ਕਸ਼ਮੀਰ ’ਚ ਕੁਝ ਦਿਨਾਂ ਦੌਰਾਨ ਭਾਰੀ ਬਰਫ਼ਬਾਰੀ ਹੋਈ ਹੈ। ਹੁਣ ਵਧਦੇ ਤਾਪਮਾਨ ਦੌਰਾਨ ਬਰਫ਼ ਦੀਆਂ ਪਰਤਾਂ ਪਿਘਲ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਬਰਫ਼ ਤੋਦਿਆਂ ਦੇ ਰੂਪ ’ਚ ਖਿਸਕ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 9 ਤੋਂ 12 ਮਾਰਚ ਦਰਮਿਆਨ ਜੰਮੂ-ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਹੋਰ ਬਰਫ਼ਬਾਰੀ ਹੋਣ ਦੀ ਉਮੀਦ ਜਤਾਈ ਹੈ।

ਇਸ ਬਰਫ਼ਬਾਰੀ ਤੋਂ ਬਾਅਦ ਬਰਫ਼ ਦੇ ਹੋਰ ਤੋਦੇ ਡਿੱਗਣ ਦਾ ਖ਼ਤਰਾ ਵਧ ਜਾਵੇਗਾ। ਜੰਮੂ-ਕਸ਼ਮੀਰ ਗੰਦਰਬਲ, ਬਾਰਾਮੁੱਲਾ, ਪੁੰਛ, ਰਾਜੌਰੀ ਤੇ ਰਿਆਸੀ ’ਚ 2500 ਮੀਟਰ ਤੋਂ ਵੱਧ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਸ ਖ਼ਤਰੇ ਕਾਰਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸੈਲਾਨੀਆਂ ਤੇ ਹੋਰ ਲੋਕਾਂ ਨੂੰ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।


author

Rakesh

Content Editor

Related News