70 ਸਾਲਾਂ ਬਾਅਦ ਭਾਰਤ ਦੀ ਧਰਤੀ ’ਤੇ ਫਿਰ ਦੌੜਨਗੇ ਚੀਤੇ
Thursday, Jul 21, 2022 - 01:43 PM (IST)
ਨਵੀਂ ਦਿੱਲੀ– ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜੰਗਲੀ ਜੀਵ ਚੀਤਾ 70 ਸਾਲਾਂ ਬਾਅਦ ਭਾਰਤ ਦੀ ਧਰਤੀ ’ਤੇ ਇਕ ਵਾਰ ਫਿਰ ਪਰਤ ਰਿਹਾ ਹੈ। ਨਾਮੀਬੀਆ ਤੋਂ 15 ਅਗਸਤ ਤੋਂ ਪਹਿਲਾਂ 8 ਚੀਤੇ ਭਾਰਤ ਲਿਆਏ ਜਾਣਗੇ। ਇਸ ਲਈ ਕੇਂਦਰੀ ਜੰਗਲ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪਿੰਦਰ ਯਾਦਵ ਨੇ ਅਫਰੀਕੀ ਦੇਸ਼ ਨਾਮੀਬੀਆ ਦੀ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇਤੁਮਬੋ ਨੰਦੀ ਡੇਈਟੂਵਾ ਦੇ ਨਾਲ ਸਮਝੌਤੇ ’ਤੇ ਬੁੱਧਵਾਰ ਨੂੰ ਹਸਤਾਖਰ ਕੀਤੇ।
ਵਾਤਾਵਰਣ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 8 ਚੀਤਿਾਂ ’ਚ ਚਾਰ ਨਰ ਅਤੇ ਚਾਰ ਮਾਦਾ ਹਨ। ਸਮਝੌਤੇ ਤਹਿਤ ਇਹ ਚੀਤਿਆਂ ਦਾ ਪਹਿਲਾ ਵੈਚ ਹੋਵੇਗਾ, ਯਾਨੀ ਆਉਣ ਵਾਲੇ ਸਮੇਂ ’ਚ ਹੋਰ ਚੀਤੇ ਲਿਆਏ ਜਾਣਗੇ। ਦੱਖਣੀ ਅਫਰੀਕਾ ਦੇ ਨਾਲ ਵੀ ਭਾਰਤ ਸਰਕਾਰ ਗੱਲ ਕਰ ਰਹੀ ਹੈ ਤਾਂ ਜੋ ਉੱਥੋਂ ਵੀ ਇਕ ਸਮਝੌਤਾ ਕਰਕੇ ਹੋਰ ਚੀਤੇ ਭਾਰਤ ਲਿਆਏ ਜਾ ਸਕਣ।
ਚੀਤੇ ਆਉਣਗੇ ਤਾਂ ਖੁੱਲ੍ਹੇ ਜੰਗਲਾਂ ’ਚ ਸੁਧਾਰ ਹੋਵੇਗਾ : ਭੂਪਿੰਦਰ ਯਾਦਵ
ਕੇਂਦਰੀ ਜੰਗਲ ਅਤੇ ਵਾਤਾਵਰਣ ਮੰਤਰੀ ਭੂਪਿੰਦਰ ਯਾਦਵ ਨੇ ਕਿਹਾ, ਚੀਤੇ ਵਰਗੇ ਪ੍ਰਮੁੱਖ ਜੰਗਲੀ ਜੀਵ ਦੀ ਵਾਪਸੀ ਨਾਲ ਭਾਰਤ ’ਚ ਖੁੱਲ੍ਹੇ ਜੰਗਲਾਂ ਨੂੰ ਫਿਰ ਤੋਂ ਸੁਰੱਖਿਅਤ ਕੀਤਾ ਜਾ ਸਕੇਗਾ। ਚੀਤੇ ਨਾ ਰਹਿਣ ਕਾਰਨ ਉਹ ਖਾਸ ਜੰਗਲ ਹੌਲੀ-ਹੌਲੀ ਖਤਮ ਹੋ ਰਹੇ ਸਨ। ਇਸ ਪ੍ਰਾਜੈਕਟ ਨਾਲ ਲੰਬੇ ਸਮੇਂ ’ਚ ਈਕੋ-ਟੂਰਿਜ਼ਮ ਵਧੇਗਾ।
ਚੀਤੇ ਨੂੰ 70 ਸਾਲ ਪਹਿਲਾਂ ਭਾਰਤ ਵਿੱਚ ਅਲੋਪ ਘੋਸ਼ਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਅਫਰੀਕਾ ਤੋਂ ਲਿਆਉਣ ਦਾ ਅਭਿਆਸ ਦਹਾਕਿਆਂ ਪੁਰਾਣਾ ਹੈ। ਪਰ ਪਿਛਲੇ ਸਾਲ ਤੋਂ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਦੋ ਸਾਲ ਤੋਂ ਵੱਧ ਦੀ ਦੇਰੀ ਤੋਂ ਬਾਅਦ ਇਸ ਸਾਲ ਫਰਵਰੀ ਵਿੱਚ ਚੀਤਿਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਮੁੜ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ-ਐੱਨ.ਟੀ.ਸੀ.ਏ., ਵਾਈਲਡਲਾਈਫ ਇੰਸਟੀਚਿਊਟ ਦਾ ਇੱਕ-ਇੱਕ ਅਧਿਕਾਰੀ ਸ਼ਾਮਲ ਸੀ। ਇਸ ਤੋਂ ਇਲਾਵਾ ਦੇਹਰਾਦੂਨ ਵਾਈਲਡ ਲਾਈਫ ਇੰਸਟੀਚਿਊਟ, ਮੱਧ ਪ੍ਰਦੇਸ਼ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਨਾਮੀਬੀਆ ਦਾ ਦੌਰਾ ਕੀਤਾ।