ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀ ਭੇਜੀ ਇਕ ਹੋਰ ਖੇਪ, ਤਾਲਿਬਾਨ ਨੇ ਕੀਤਾ ਧੰਨਵਾਦ

Saturday, Jan 08, 2022 - 03:17 PM (IST)

ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀ ਭੇਜੀ ਇਕ ਹੋਰ ਖੇਪ, ਤਾਲਿਬਾਨ ਨੇ ਕੀਤਾ ਧੰਨਵਾਦ

ਨਵੀਂ ਦਿੱਲੀ/ਕਾਬੁਲ (ਭਾਸ਼ਾ)- ਭਾਰਤ ਨੇ ਸ਼ੁੱਕਰਵਾਰ ਨੂੰ ਮਨੁੱਖੀ ਸਹਾਇਤਾ ਦੇ ਹਿੱਸੇ ਵਜੋਂ 2 ਟਨ ਜੀਵਨ ਰੱਖਿਅਕ ਦਵਾਈਆਂ ਦੀ ਖੇਪ ਜੰਗ ਨਾਲ ਪ੍ਰਭਾਵਿਤ ਅਫ਼ਗਾਨਿਸਤਾਨ ਨੂੰ ਭੇਜੀ ਹੈ। ਵਿਦੇਸ਼ ਮੰਤਰਾਲਾ ਦੇ ਬਿਆਨ ਮੁਤਾਬਕ ਜੀਵਨ ਰੱਖਿਅਕ ਦਵਾਈਆਂ ਦੀ ਇਹ ਖੇਪ ਮਨੁੱਖੀ ਸਹਾਇਤਾ ਤਹਿਤ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਦੇ ਅਧਿਕਾਰੀਆਂ ਨੂੰ ਸੌਂਪੀ ਗਈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, "ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜਾਰੀ ਮਨੁੱਖੀ ਸਹਾਇਤਾ ਦੇ ਹਿੱਸੇ ਵਜੋਂ, ਭਾਰਤ ਨੇ ਅੱਜ ਤੀਜੀ ਖੇਪ ਵਿਚ 2 ਟਨ ਜੀਵਨ ਰੱਖਿਅਕ ਦਵਾਈਆਂ ਅਫ਼ਗਾਨਿਸਤਾਨ ਭੇਜੀਆਂ।" ਉਥੇ ਹੀ ਭਾਰਤ ਦੀ ਇਸ ਉਦਾਰਤਾ ਨੇ ਤਾਲਿਬਾਨ ਨੂੰ ਖੁਸ਼ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇਕ ਟਵੀਟ ਵਿਚ ਇਸ ਦਾ ਸਵਾਗਤ ਕੀਤਾ ਹੈ। ਮੁਜਾਹਿਦ ਨੇ ਟਵੀਟ ਕੀਤਾ, 'ਇਸਲਾਮਿਕ ਅਮੀਰਾਤ ਮਨੁੱਖੀ ਸਹਾਇਤਾ ਅਤੇ ਸਹਿਯੋਗ ਲਈ ਭਾਰਤ ਦਾ ਧੰਨਵਾਦੀ ਹੈ।'

ਇਹ ਵੀ ਪੜ੍ਹੋ: ਕੋਲੰਬੀਆ ’ਚ ਇਸ ਸ਼ਖ਼ਸ ਨੂੰ ਮਿਲੀ ਇੱਛਾ ਮੌਤ, ਅਜੀਬ ਅਤੇ ਲਾਇਲਾਜ ਬੀਮਾਰੀ ਨਾਲ ਸੀ ਪੀੜਤ

 

PunjabKesari

ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ਦੇ ਲੋਕਾਂ ਨਾਲ ਵਿਸ਼ੇਸ਼ ਸਬੰਧ ਜਾਰੀ ਰੱਖਣ ਅਤੇ ਉਨ੍ਹਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ, 'ਇਸ ਕੋਸ਼ਿਸ਼ ਵਿਚ, ਅਸੀਂ ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ (WHO) ਰਾਹੀਂ ਅਫ਼ਗਾਨਿਸਤਾਨ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 5,00,000 ਖ਼ੁਰਾਕਾਂ ਅਤੇ 1.6 ਟਨ ਡਾਕਟਰੀ ਸਹਾਇਤਾ ਦੀ ਸਪਲਾਈ ਕੀਤੀ ਸੀ।' ਮੰਤਰਾਲਾ ਨੇ ਕਿਹਾ, 'ਆਉਣ ਵਾਲੇ ਹਫ਼ਤਿਆਂ ਵਿਚ, ਅਸੀਂ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀਆਂ ਹੋਰ ਖੇਪਾਂ ਦੀ ਸਪਲਾਈ ਕਰਾਂਗੇ, ਜਿਸ ਵਿਚ ਦਵਾਈਆਂ ਅਤੇ ਅਨਾਜ ਸ਼ਾਮਲ ਹੋਣਗੇ।' ਅਫ਼ਗਾਨਿਸਤਾਨ ਦੀ ਪਿਛਲੀ ਅਸ਼ਰਫ ਗਨੀ ਸਰਕਾਰ ਵੱਲੋਂ ਭਾਰਤ ਵਿਚ ਅਫ਼ਗਾਨ ਰਾਜਦੂਤ ਨਿਯੁਕਤ ਕੀਤੇ ਹਏ ਫਰੀਦ ਮਾਮੁਨਦਜਈ ਨੇ ਸਹਾਇਤਾ ਪ੍ਰਦਾਨ ਕਰਲ ਲਈ ਨਵੀਂ ਦਿੱਲੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜ਼ਰੂਰੀ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦਾ ਧੰਨਵਾਦ। 2 ਟਨ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਵਾਲੀ ਡਾਕਟਰੀ ਸਹਾਇਤਾ ਦੀ ਤੀਜੀ ਖੇਪ ਅੱਜ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚੀ। ਅਫ਼ਗਾਨਿਸਤਾਨ ਨੂੰ ਅਜਿਹੀ ਸਪਲਾਈ ਦੀ ਸਖ਼ਤ ਲੋੜ ਹੈ।''

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)

ਜ਼ਿਕਰਯੋਗ ਹੈ ਕਿ ਭਾਰਤ ਨੇ 1 ਜਨਵਰੀ ਨੂੰ ਅਫ਼ਗਾਨਿਸਤਾਨ ਨੂੰ ਕੋਵਿਡ ਰੋਕੂ ਟੀਕੇ ਕੋਵੈਕਸਿਨ ਦੀਆਂ 5 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਹਫ਼ਤੇ ਵਿਚ ਟੀਕੇ ਦੀਆਂ ਹੋਰ ਖੁਰਾਕਾਂ ਭੇਜੀਆਂ ਜਾਣਗੀਆਂ। ਦਸੰਬਰ ਵਿਚ ਭਾਰਤ ਨੇ ਅਫ਼ਗਾਨਿਸਤਾਨ ਨੂੰ 1.6 ਮੀਟ੍ਰਿਕ ਟਨ ਡਾਕਟਰੀ ਸਹਾਇਤਾ ਦੀ ਸਪਲਾਈ ਕੀਤੀ ਸੀ। ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਨੂੰ 50,000 ਟਨ ਕਣਕ ਦੀ ਸਪਲਾਈ ਲਈ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਪਾਕਿਸਤਾਨੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਭਾਰਤ ਨੇ ਅਫ਼ਗਾਨਿਸਤਾਨ ਵਿਚ ਨਵੇਂ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਕਾਬੁਲ ਵਿਚ ਅਸਲ ਵਿਚ ਸਮਾਵੇਸ਼ੀ ਸਰਕਾਰ ਦੇ ਗਠਨ 'ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਇਸ ਗੱਲ 'ਤੇ ਵੀ ਜ਼ੋਰ ਦੇ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਦੇਸ਼ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਨਾ ਕੀਤਾ ਜਾਵੇ। ਭਾਰਤ ਅਫ਼ਗਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਤੋਂ ਚਿੰਤਤ ਹੈ। ਇਸ ਨੇ ਪਿਛਲੇ ਸਾਲ 10 ਨਵੰਬਰ ਨੂੰ ਅਫ਼ਗਾਨਿਸਤਾਨ 'ਤੇ ਇਕ ਖੇਤਰੀ ਵਾਰਤਾ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿਚ ਰੂਸ, ਇਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐੱਨ.ਐੱਸ.ਏ.) ਨੇ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ: ਫਲਾਈਟ ’ਚ ਪਾਰਟੀ ਕਰਦੇ ਦਿਖੇ ਲੋਕਾਂ ’ਤੇ ਭੜਕੇ ਕੈਨੇਡਾ ਦੇ PM ਜਸਟਿਨ ਟਰੂਡੋ, ਦੱਸਿਆ ‘ਬੇਵਕੂਫ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News