'DOGE ਵਾਂਗ ਭਾਰਤ ਨੇ DBT ਸਕੀਮ ਰਾਹੀਂ ਬਚਾਏ ਹਨ ਕਰੀਬ 5 ਲੱਖ ਕਰੋੜ ਰੁਪਏ' : PM ਮੋਦੀ

Tuesday, Mar 18, 2025 - 01:33 PM (IST)

'DOGE ਵਾਂਗ ਭਾਰਤ ਨੇ DBT ਸਕੀਮ ਰਾਹੀਂ ਬਚਾਏ ਹਨ ਕਰੀਬ 5 ਲੱਖ ਕਰੋੜ ਰੁਪਏ' : PM ਮੋਦੀ

ਨਵੀਂ ਦਿੱਲੀ- ਅਮਰੀਕਾ ਦੇ ਮਸ਼ਹੂਰ ਪੌਡਕਾਸਟਰ ਲੈਕਸ ਫ੍ਰਿਡਮੈਨ ਨਾਲ ਕਰੀਬ 3 ਘੰਟੇ ਤੱਕ ਚੱਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੌਡਕਾਸਟ ਦੇ ਚਰਚੇ ਹਰ ਪਾਸੇ ਛਿੜੇ ਹੋਏ ਹਨ। ਇਸ ਪੌਡਕਾਸਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਡੀ.ਓ.ਜੀ.ਈ. (ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ) ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹ ਡੀ.ਓ.ਜੀ.ਈ. ਵਰਗੇ ਮਾਡਲ ਨਾਲ ਕੰਮ ਕਰ ਰਹੇ ਹਨ।

ਇਸ ਬਾਰੇ ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2014 'ਚ ਪ੍ਰਧਾਨ ਮੰਤਰੀ ਮੋਦੀ ਦੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਭਾਰਤੀ ਡੀ.ਓ.ਜੀ.ਈ. ਜਿਹੇ ਮਾਡਲ ਨਾਲ ਕੰਮ ਕਰਦੇ ਹੋਏ 5 ਲੱਖ ਕਰੋੜ ਰੁਪਏ ਤੱਕ ਬਚਾ ਲਏ ਹਨ। ਇਹ ਪੈਸਾ ਸਰਕਾਰ ਨੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਵਾਲੇ ਜਾਅਲੀ ਲਾਭਪਾਤਰੀਆਂ ਨੂੰ ਹਟਾ ਕੇ ਬਚਾਇਆ ਗਿਆ ਹੈ। 

ਫ੍ਰਿਡਮੈਨ ਨਾਲ ਪੌਡਕਾਸਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ, '2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਦੇਖਿਆ ਕਿ ਉਸ ਸਮੇਂ ਅਸੀਂ ਬਹੁਤ ਸਾਰੀਆਂ ਵਿਸ਼ਵਵਿਆਪੀ ਚਰਚਾਵਾਂ ਦਾ ਹਿੱਸਾ ਨਹੀਂ ਸੀ, ਜਿਵੇਂ ਕਿ ਅੱਜ ਰਾਸ਼ਟਰਪਤੀ ਟਰੰਪ ਅਤੇ ਡੀ.ਓ.ਜੀ.ਈ. ਬਾਰੇ ਗੱਲ ਕੀਤੀ ਜਾ ਰਹੀ ਹੈ। ਪਰ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਤਾਂ ਜੋ ਤੁਸੀਂ ਦੇਖ ਸਕੋ ਕਿ ਕਿਸ ਤਰ੍ਹਾਂ ਦਾ ਕੰਮ ਕੀਤਾ ਗਿਆ ਸੀ। ਮੈਂ ਦੇਖਿਆ ਕਿ ਕੁਝ ਸਰਕਾਰੀ ਯੋਜਨਾਵਾਂ, ਖਾਸ ਕਰ ਕੇ ਭਲਾਈ ਸਕੀਮਾਂ ਦੇ ਲਾਭਾਂ ਦਾ ਬਹੁਤ ਸਾਰੇ ਲੋਕਾਂ ਦੁਆਰਾ ਗ਼ਲਤ ਫਾਇਦਾ ਉਠਾਇਆ ਜਾ ਰਿਹਾ ਹੈ, ਉਨ੍ਹਾਂ 'ਚੋਂ ਕਈ ਲੋਕ ਤਾਂ ਅਸਲ ਜ਼ਿੰਦਗੀ ਵਿੱਚ ਹੋਂਦ 'ਚ ਵੀ ਨਹੀਂ ਹਨ। 

ਇਹ ਵੀ ਪੜ੍ਹੋ- IT ਕਰਮਚਾਰੀਆਂ ਲਈ ਵੱਜਿਆ ਖ਼ਤਰੇ ਦਾ 'ਘੁੱਗੂ', ਰੀਅਲ ਅਸਟੇਟ ਸੈਕਟਰ ਦਾ ਵੀ ਹੋਇਆ ਬੁਰਾ ਹਾਲ

ਇਸ ਦੌਰਾਨ ਸਰਕਾਰੀ ਅੰਕੜਿਆਂ ਅਨੁਸਾਰ ਮਾਰਚ 2022 'ਚ ਸਰਕਾਰ ਨੇ 2.84 ਲੱਖ ਕਰੋੜ ਰੁਪਏ ਦੀ ਬਚਤ ਕੀਤੀ, ਜਦਕਿ ਅਗਲੇ ਸਾਲ ਇਕ ਅੰਕੜਾ ਵਧ ਕੇ 3.48 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਤੇ ਹੁਣ ਹਰ ਸਾਲ ਕਰੀਬ 64 ਹਜ਼ਾਰ ਕਰੋੜ ਰੁਪਏ ਬਚਾਏ ਜਾ ਰਹੇ ਹਨ। ਇਨ੍ਹਾਂ 'ਚੋਂ 73,443 ਕਰੋੜ ਰੁਪਏ ਜਾਅਲੀ ਤੇ ਲੰਬੇ ਸਮੇਂ ਤੋਂ ਬੰਦ ਐੱਲ.ਪੀ.ਜੀ. ਕੁਨੈਕਸ਼ਨ ਕੱਟ ਕੇ ਬਚਾਏ ਗਏ ਹਨ, ਜਦਕਿ 2.45 ਕਰੋੜ ਰੁਪਏ ਸਬਸਿਡੀ 'ਚੋਂ ਬਚਾਏ ਗਏ ਹਨ।

ਇਸ ਤੋਂ ਇਲਾਵਾ ਜਾਅਲੀ ਤੇ ਹੋਂਦ 'ਚ ਵੀ ਨਾ ਹੋਣ ਵਾਲੇ 5 ਲੱਖ ਰਾਸ਼ਨ ਕਾਰਡ ਧਾਰਕਾਂ ਦੇ ਕਾਰਡ ਰੱਦ ਕਰਕੇ 1.85 ਲੱਖ ਕਰੋੜ ਰੁਪਏ ਬਚਾਏ ਗਏ ਹਨ। ਇਸ ਦੇ ਨਾਲ ਹੀ 42,534 ਕਰੋੜ ਰੁਪਏ 7.10 ਲੱਖ ਨਕਲੀ ਮਗਨਰੇਗਾ ਜੌਬ ਕਾਰਡ ਰੱਦ ਕਰ ਕੇ ਬਚਾਏ ਗਏ ਹਨ। ਰਾਸ਼ਟਰੀ ਵਜ਼ੀਫਾ ਸਕੀਮਾਂ ਦਾ ਲਾਭ ਲੈਣ ਵਾਲੇ 11.05 ਲੱਖ ਜਾਅਲੀ ਤੇ ਅਯੋਗ ਖਾਤਿਆਂ ਨੂੰ ਰੱਦ ਕਰ ਕੇ ਵੀ 537 ਕਰੋੜ ਰੁਪਏ ਬਚਾਏ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਅਯੋਗ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਬਚਾ ਕੇ ਸਰਕਾਰ ਨੇ ਹੁਣ ਤੱਕ ਕਾਫ਼ੀ ਵੱਡੀ ਰਕਮ ਬਚਾਈ ਹੈ। 

ਪ੍ਰਧਾਨ ਮੰਤਰੀ ਨੇ ਇਸ ਬਾਰੇ ਅੱਗੇ ਕਿਹਾ, ਜਦੋਂ ਮੈਨੂੰ ਪਤਾ ਲੱਗਿਆ ਕਿ ਦੇਸ਼ 'ਚ ਅਜਿਹੇ ਕੰਮ ਹੋ ਰਹੇ ਹਨ, ਤਾਂ ਉਨ੍ਹਾਂ ਨੂੰ ਰੋਕ ਕੇ ਤੇ ਦੇਸ਼ ਦਾ ਇਕ-ਇਕ ਪੈਸਾ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਮੈਂ ਅਹੁਦਾ ਸੰਭਾਲਦੇ ਹੀ ਇਹ ਕਦਮ ਚੁੱਕਿਆ ਸੀ। ਉਦੋਂ ਮੈਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਸ਼ੁਰੂ ਕੀਤੀ, ਤਾਂ ਜੋ ਦਿੱਲੀ ਤੋਂ ਜਾਣ ਵਾਲਾ ਹਰੇਕ ਪੈਸਾ ਸਹੀ ਇਨਸਾਨ ਤੱਕ ਪਹੁੰਚੇ। ਇਸ ਦੇ ਨਤੀਜੇ ਵਜੋਂ, ਦੇਸ਼ ਨੇ 3 ਟ੍ਰਿਲੀਅਨ ਰੁਪਏ ਬਚਾ ਲਏ ਹਨ, ਜੋ ਕਿ ਗ਼ਲਤ ਹੱਥਾਂ 'ਚ ਜਾਣ ਵਾਲੇ ਸਨ। ਇਸ ਸਕੀਮ ਨਾਲ ਅਸੀਂ ਵਿਚੋਲਿਆਂ ਦਾ ਕੰਮ ਖ਼ਤਮ ਕੀਤਾ ਤੇ ਸਿਸਟਮ 'ਚ ਪਾਰਦਰਸ਼ਤਾ ਲਿਆਂਦੀ। 

ਇਹ ਵੀ ਪੜ੍ਹੋ- ਭਾਰਤ ਨੇ ਵੀ ਅਪਣਾਇਆ ਸਖ਼ਤ ਰੁਖ਼, ਦਿੱਲੀ ਪੁਲਸ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਰੇਗੀ Deport

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News